ਬਿਉਰੋ ਰਿਪੋਰਟ – ਪੰਜਾਬ ਦੀਆਂ 13 ਲੋਕਸਭਾ ਸੀਟਾਂ ‘ਤੇ ਉਮੀਦਵਾਰਾਂ ਨੇ ਪਾਣੀ ਵਾਂਗ ਪੈਸਾ ਖਰਚ ਕੀਤਾ ਹੈ। 13 ਵਿੱਚੋਂ 11 ਜੇਤੂ ਉਮੀਦਵਾਰਾਂ ਨੇ 50 ਲੱਖ ਤੋਂ ਵੱਧ ਪੈਸਾ ਖਰਚ ਕੀਤਾ ਹੈ। ਚੋਣਾਂ ਵਿੱਚ ਸਭ ਤੋਂ ਜ਼ਿਆਦਾ ਖਰਚ ਕਰਨ ਵਾਲਿਆਂ ਦੀ ਲਿਸਟ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਐੱਮਪੀ ਹਰਸਿਮਰਤ ਕੌਰ ਬਾਦਲ ਦਾ ਨਾਂ ਹੈ। ਉਨ੍ਹਾਂ ਨੇ ਸਭ ਤੋਂ ਜਿਆਦਾ ਪੈਸਾ ਪਬਲਿਕ ਮੀਟਿੰਗ ਅਤੇ ਰੈਲੀਆਂ ‘ਤੇ ਖਰਚ ਕੀਤਾ ਹੈ। ਜਿਸ ਵਿੱਚ 64.90 ਲੱਖ ਰੈਲੀਆਂ ‘ਤੇ ਖਰਚ ਸ਼ਾਮਲ ਹੈ। ਇਸੇ ਤਰ੍ਹਾਂ ਹੋਰ ਚੀਜ਼ਾਂ ‘ਤੇ 5.28 ਲੱਖ ਕੀਤਾ ਗਿਆ,ਜਿਸ ਵਿੱਚ ਪੋਸਟਰ,ਹੋਡਿੰਗ,ਬੈਨਰ,ਲਾਊਡ ਸਪੀਕਰ,ਡਿਜੀਟਲ ਟੀਵੀ,ਬੋਰਡ ਡਿਸਪਲੇ ਸ਼ਾਮਲ ਹੈ। ਕੈਂਪੇਨ ਦੇ ਲਈ ਗੱਡੀਆਂ ਦੀ ਵਰਤੋਂ ‘ਤੇ 8 ਲੱਖ 2 ਹਜ਼ਾਰ ਖਰਚ ਕੀਤੇ ਗਏ ਹਨ। ਹਰਸਿਮਰਤ ਨੇ ਕੁੱਲ 93.24 ਲੱਖ ਰੁਪਏ ਖਰਚ ਕੀਤੇ ਹਨ। ਉਨ੍ਹਾਂ ਤੋਂ ਬਾਅਦ ਜਲੰਧਰ ਤੋਂ ਜਿੱਤੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਸਾਂਸਦ ਮੈਂਬਰ ਚਰਨਜੀਤ ਸਿੰਘ ਚੰਨੀ ਦਾ ਨਾਂ ਹੈ। ਚੰਨੀ ਨੇ ਚੋਣਾਂ ‘ਚ 85.12 ਲੱਖ ਰੁਪਏ ਖਰਚ ਕੀਤੇ ਹਨ।
ਤੀਜੇ ਨੰਬਰ ‘ਤੇ ਸਭ ਤੋਂ ਜ਼ਿਆਦਾ ਖਰਚ ਕਰਨ ਵਾਲਿਆਂ ਵਿੱਚੋ ਪਟਿਆਲਾ ਦੇ ਐੱਮਪੀ ਧਰਮਵੀਰ ਗਾਂਧੀ ਦਾ ਨਾਂ ਹੈ। ਉਨ੍ਹਾਂ ਨੇ ਚੋਣਾਂ ‘ਤੇ ਕੁੱਲ 80.05 ਲੱਖ ਖਰਚ ਕੀਤੇ ਹਨ। ਗਾਂਧੀ ਨੇ ਰੈਲੀ ਅਤੇ ਪਬਲਿਕ ਮੀਟਿੰਗ ‘ਤੇ 25.52 ਲੱਖ ਖਰਚ ਕੀਤੇ ਹਨ। ਜਦਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਪਬਲਿਕ ਰੈਲੀ ‘ਤੇ 8.89 ਲੱਖ ਰੁਪਏ ਖਰਚ ਕੀਤੇ ਹਨ। ਇਸ ਤੋਂ ਇਲਾਵਾ ਚੋਣਾਂ ਦੇ ਹੋਰ ਇੰਤਜ਼ਾਮਾਂ ‘ਤੇ 11.60 ਲੱਖ ਰੁਪਏ ਖਰਚ ਕੀਤੇ ਹਨ। ਜਿਸ ਵਿੱਚ ਪੋਸਟਰ,ਬੈਨਰ,ਹੋਡਿੰਗ,ਲਾਊਡ ਸਪੀਕਰ ਸ਼ਾਮਲ ਹੈ। ਗਾਂਧੀ ਨੂੰ 3,05,616 ਵੋਟਾਂ ਹਾਸਲ ਹੋਇਆ ਸਨ।
ਇਸੇ ਤਰ੍ਹਾਂ ਸੰਗਰੂਰ ਤੋਂ ਐੱਮਪੀ ਗੁਰਮੀਤ ਸਿੰਘ ਮੀਤ ਹੇਅਰ ਨੇ 77.62 ਲੱਖ ਅਤੇ ਗੁਰਦਾਸਪੁਰ ਤੋਂ ਐੱਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ 72.54 ਲੱਖ ਰੁਪਏ ਖਰਚ ਕੀਤੇ ਹਨ। ਅਮਰ ਉਜਾਲਾ ਦੀ ਖ਼ਬਰ ਦੇ ਮੁਤਾਬਿਕ ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਚੋਣ ਪ੍ਰਚਾਰ ‘ਤੇ 43.84 ਲੱਖ ਖਰਚ ਕੀਤੇ ਗਏ ਹਨ। ਚੋਣ ਪ੍ਰਚਾਰ ਦੇ ਲਈ ਵੱਖ-ਵੱਖ ਜਥੇਬੰਦੀਆਂ ਨੇ 53.69 ਲੱਖ ਦਾ ਫੰਡ ਇਕੱਠਾ ਕੀਤਾ ਸੀ। ਇਸੇ ਤਰ੍ਹਾਂ ਫਰੀਦਕੋਟ ਤੋਂ ਅਜ਼ਾਦ ਜਿੱਤੇ ਸਰਬਜੀਤ ਸਿੰਘ ਖਾਲਸਾ ਦੇ ਚੋਣ ਪ੍ਰਚਾਰ ‘ਤੇ 41.95 ਲੱਖ ਖਰਚ ਹੋਏ ਹਨ।
ਇਹ ਵੀ ਪੜ੍ਹੋ – ਕਿਸਾਨ ਨਵਦੀਪ ਸਿੰਘ ਜਲਬੇੜਾ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ