‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਦੀ ਪਤਨੀ ਗੁਰਪ੍ਰੀਤ ਕੌਰ (CM Mann’s Wife Gurpreet Kaur) ਅਤੇ ਉਸਦੇ ਪਰਿਵਾਰ ਦੇ ਸੋਨੇ ਉੱਤੇ ਤੰਜ ਕਸਿਆ ਹੈ। ਬਠਿੰਡਾ (Bathinda) ਤੋਂ ਐੱਮਪੀ ਬੀਬੀ ਬਾਦਲ ਨੇ ਮੁੱਖ ਮੰਤਰੀ ਮਾਨ ਨੂੰ ਪੁਰਾਣਾ ਬਿਆਨ ਯਾਦ ਦਿਵਾਉਂਦਿਆਂ ਉਨ੍ਹਾਂ ਦੀ ਪਤਨੀ ਅਤੇ ਪਰਿਵਾਰ ਉੱਤੇ ਨਿਸ਼ਾਨਾ ਕਸਿਆ ਹੈ। ਹਰਸਿਮਰਤ ਬਾਦਲ ਨੇ ਟਿੱਪਣੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਧੀ ਦੀ ਉਮਰ ਦੀ ਘਰਵਾਲੀ ਸਮੇਤ ਪੂਰਾ ਪਰਿਵਾਰ ਸੋਨੇ ਨਾਲ ਲਥਪਥ ਹੋ ਕੇ ਬੈਠਾ ਹੈ। ਕੋਈ ਮੁੱਖ ਮੰਤਰੀ ਮਾਨ ਨੂੰ ਪੁੱਛੇ ਕਿ 12 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ (Debt) ਚਾਰ ਮਹੀਨਿਆਂ ਵਿੱਚ ਪੰਜਾਬ ਦੀ ਆਮ ਜਨਤਾ ਉੱਤੇ ਕਿਉਂ ਚਾੜ ਦਿੱਤਾ ਗਿਆ ਹੈ ?
ਦਰਅਸਲ, ਹਰਸਿਮਰਤ ਬਾਦਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਉੱਤੇ ਦੋਸ਼ ਲਾਏ ਗਏ ਸਨ ਕਿ ਉਨ੍ਹਾਂ ਕੋਲ ਲੋੜ ਤੋਂ ਵੱਧ ਸੋਨਾ ਹੈ। ਬੀਬਾ ਬਾਦਲ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਤਾਂ ਸਾਰਿਆਂ ਨੇ 15 ਸਾਲਾਂ ਤੋਂ ਹੀ ਵੇਖਿਆ ਹੈ ਕਿ ਉਹ ਕਿੰਨਾ ਕੁ ਸੋਨਾ ਪਾ ਕੇ ਘੁੰਮਦੇ ਹਨ।
ਇਸਦੇ ਨਾਲ ਹੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਹਾਵੀ ਹੁੰਦਿਆਂ ਉਨ੍ਹਾਂ ਨੂੰ ਮੁੜ ਤੋਂ ‘ਸ਼ਰਾਬੀ’ ਕਰਾਰ ਦਿੱਤਾ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼ਰਾਬੀ ਮੁੱਖ ਮੰਤਰੀ ਨੂੰ ਸੰਸਦ ਵਿੱਚੋਂ ਕੱਢਿਆ ਗਿਆ ਸੀ ਕਿਉਂਕਿ ਉਹ ਸ਼ਰਾਬ ਪੀ ਕੇ ਉੱਥੇ ਕੰਮ ਉੱਤੇ ਨਹੀਂ ਆਉਂਦੇ ਸਨ। ਬਾਦਲ ਨੇ ਕਿਹਾ ਕਿ ਸਾਡੇ ਉੱਤੇ ਦੋਸ਼ ਲਾਉਂਦੇ ਸਨ ਕਿ ਅਸੀਂ ਸਕਿਰਿਓਟੀ ਤੋਂ ਬਿਨਾਂ ਬਾਹਰ ਕਿਤੇ ਨਹੀਂ ਜਾਂਦੇ ਪਰ ਆਪਣੇ ਪਰਿਵਾਰ ਨੂੰ ਕਿੰਨੇ ਕਿੰਨੇ ਗੰਨਮੈਨ ਦਿੱਤੇ ਹੋਏ ਹਨ।
ਉਨ੍ਹਾਂ ਨੇ ਨਾਲ ਹੀ ‘ਆਪ’ ਦੀ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੀ ਗਾਰੰਟੀ ਵੀ ਯਾਦ ਕਰਾਉਂਦਿਆਂ ਕਿਹਾ ਕਿ ਹਾਲੇ ਤੱਕ ਔਰਤਾਂ ਦੇ ਖਾਤੇ ਵਿੱਚ ਪੈਸੇ ਨਹੀਂ ਆਏ ਹਨ। ਉਨ੍ਹਾਂ ਨੇ ਦਿੱਲੀ ਦੀ ਆਬਕਾਰੀ ਨੀਤੀ ਦੀ ਨਿੰਦਾ ਕਰਦਿਆਂ ਮਨੀਸ਼ ਸਿਸੋਦੀਆ ਉੱਤੇ ਹੋਈ ਸੀਬੀਆਈ ਜਾਂਚ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸਸਤੀ ਸ਼ਰਾਬ ਪੰਜਾਬ ਦੇ ਖ਼ਜ਼ਾਨੇ ਨੂੰ ਚੂਨਾ ਲਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਝੂਠ ਬੋਲ ਕੇ ਲੋਕਾਂ ਦੀਆਂ ਵੋਟਾਂ ਲੁੱਟ ਲਈਆਂ ਹਨ ਅਤੇ ਸਰਕਾਰ ਬਣਾ ਲਈ ਹੈ।