ਬਿਉਰੋ ਰਿਪੋਰਟ – ਅਕਾਲੀ ਦਲ ਦੀ ਬਠਿੰਡਾ ਤੋਂ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਬੀਜੇਪੀ ਆਗੂ ਉਦੈਭਾਨ ਕਰਵਰੀਆ ਦੀ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸਜ਼ਾ ਮੁਆਫ਼ ਕਰਨ ਨੂੰ ਲੈਕੇ ਸਵਾਲ ਚੁੱਕੇ ਹਨ। ਉਨ੍ਹਾਂ ਪੁੱਛਿਆ ਕਿ ਸਾਡੇ ਦੇਸ਼ ਵਿੱਚ 2 ਕਾਨੂੰਨ ਹਨ ਇੱਕ ਬੀਜੇਪੀ ਦੇ ਚਹੇਤਿਆਂ ਲਈ ਅਤੇ ਦੂਜਾ ਘੱਟ ਗਿਣਤੀਆਂ ਖਾਸਕਰ ਸਿੱਖ ਕੌਮ ਲਈ? ਬੰਦੀ ਸਿੰਘ ਜੋ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਨ੍ਹਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ, ਇੰਨਾਂ ਦੀ ਰਿਹਾਈ ਕੇਂਦਰ ਸਰਕਾਰ ਨੇ ਕਿਉਂ ਰੋਕੀ ਹੋਈ ਹੈ? ਕੀ ਇਹ ਘੱਟ ਗਿਣਤੀ ਸਿੱਖ ਕੌਮ ਨਾਲ ਧੱਕਾ ਨਹੀਂ ਹੈ? ਹਰਸਿਮਰਤ ਕੌਰ ਬਾਦਲ ਨੇ ਕਿਹਾ ਇਸ ਤੋਂ ਪਹਿਲਾਂ ਬਿਲਕਿਸ ਬਾਨੋ ਦੇ ਕਾਤਲਾਂ ਦੀ ਸਜ਼ਾ ਮੁਆਫ਼ੀ ਕੀਤੀ ਗਈ ਅਤੇ ਹੁਣ ਬੀਜੇਪੀ ਦੇ ਵਿਧਾਇਕ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਬਠਿੰਡਾ ਤੋਂ ਐੱਮਪੀ ਨੇ ਕਿਹਾ ਕੇਂਦਰ ਸਰਕਾਰ ਦੀ ਅਜਿਹੀ ਵਿਤਕਰੇ ਵਾਲੀ ਨੀਤੀ, ਘੱਟ ਗਿਣਤੀ ਸਿੱਖ ਕੌਮ ਜਿਸਨੇ ਆਜ਼ਾਦੀ ਦੀ ਲੜਾਈ ‘ਚ ਵੱਧ ਚੜ੍ਹ ਕੇ ਕੁਰਬਾਨੀਆਂ ਦਿੱਤੀਆਂ ਅਤੇ ਆਜ਼ਾਦੀ ਤੋਂ ਬਾਅਦ ਦੁਸ਼ਮਣ ਦੇਸ਼ਾਂ ਨਾਲ ਯੁੱਧ ਦੌਰਾਨ ਆਪਣੇ ਦੇਸ਼ ਦੀ ਡੱਟ ਕੇ ਰਖਵਾਲੀ ਕੀਤੀ ਫਿਰ ਵੀ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਮੈਂ ਮੰਗ ਕਰਦੀ ਹਾਂ ਕਿ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖਦੇ ਹੋਏ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਡੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤਾਂ ਜੋ ਦੇਸ਼ ਦੀ ਸਰਕਾਰ ਪ੍ਰਤੀ ਸਿੱਖ ਕੌਮ ਦਾ ਵਿਸ਼ਵਾਸ਼ ਬਹਾਲ ਹੋ ਸਕੇ।
ਕੌਣ ਹੈ ਉਦੈਭਾਨ ?
ਊਦੈਭਾਨ ਨੂੰ 1996 ਵਿੱਚ ਸਮਾਜਵਾਦੀ ਪਾਰਟੀ ਦੇ ਵਿਧਾਇਕ ਜਵਾਹਰ ਯਾਦਵ ਦੇ ਕਤਲ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਸੀ। 2019 ਨੂੰ ਉਦੈਭਾਨ ਨੂੰ ਅਦਾਲਤ ਨੇ ਦੋਸ਼ੀ ਮੰਨ ਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪਰ 5 ਸਾਲ ਦੇ ਅੰਦਰ ਹੀ ਪ੍ਰਯਾਗਰਾਜ ਦੇ SSP ਅਤੇ ਜ਼ਿਲ੍ਹਾਂ ਮੈਜੀਸਟ੍ਰੇਟ ਨੇ ਜੇਲ੍ਹ ਵਿੱਚੋ ਉਦੈਭਾਨ ਦੇ ਚੰਗੇ ਚਾਲ ਚਲਣ ਦਾ ਹਵਾਲਾ ਦਿੰਦੇ ਹੋਏ ਉਸ ਦੀ ਰਿਹਾਈ ਦੀ ਸਿਫ਼ਾਰਿਸ਼ ਕੀਤੀ। ਯੋਗੀ ਸਰਕਾਰ ਨੇ ਇਹ ਸਿਫ਼ਾਰਿਸ਼ ਰਾਜਪਾਲ ਆਨੰਦੀ ਭੈਨ ਨੂੰ ਭੇਜੀ ਜਿਸ ਤੋਂ ਬਾਅਦ ਗਵਰਨਰ ਨੇ ਧਾਰਾ 161 ਤਹਿਤ ਆਪਣੀ ਤਾਕਤ ਦੀ ਵਰਤੋਂ ਕਰਦੇ ਹੋਏ ਉਦੈਭਾਨ ਨੂੰ ਰਿਹਾਅ ਕਰਨ ਦੇ ਨਿਰਦੇਸ਼ ਦੇ ਦਿੱਤੇ।
ਇਹ ਵੀ ਪੜ੍ਹੋ – ਯੂਕੇ ਵਿੱਚ ਪੁਲਿਸ ਦੀ ਕਰੂਰਤਾ ਭਰੀ ਵੀਡੀਓ ਆਈ ਸਾਹਮਣੇ! ਹਵਾਈ ਅੱਡੇ ’ਤੇ ਮੁੰਡੇ ਦੇ ਮੂੰਹ ’ਤੇ ਮਾਰੇ ਠੁੱਡ, ਅਧਿਕਾਰੀ ਮੁਅੱਤਲ