‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਪਰਗਟ ਸਿੰਘ ਵੱਲੋਂ ਦਿੱਤੇ ਬਿਆਨ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਕਿਸ ਸਮੇਂ, ਕਿੱਥੇ ਅਤੇ ਕੀ ਬੋਲਣਾ ਹੈ। ਪਰਗਟ ਸਿੰਘ ਨੂੰ ਮੈਨੂੰ ਮੱਤਾਂ ਦੇਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਪਾਰਟੀ ਕੋਲ ਸੋਨੀਆ ਤੇ ਰਾਹੁਲ ਗਾਂਧੀ ਵਰਗੇ ਕਈ ਕੌਮੀ ਚਿਹਰੇ ਹਨ। ਪੰਜਾਬ ਪੱਧਰ ‘ਤੇ ਵੀ ਪਾਰਟੀ ਕੋਲ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਇੱਥੋਂ ਤੱਕ ਕਿ ਪਰਗਟ ਸਿੰਘ ਵਰਗੇ ਕਈ ਚਿਹਰੇ ਹਨ। ਇਸ ਕਰਕੇ ਕਿਸੇ ਨੂੰ ਵੀ ਬੇਸਬਰੀ ਦਿਖਾਉਣ ਦੀ ਜ਼ਰੂਰਤ ਨਹੀਂ। ਉਨ੍ਹਾਂ ਕਾਂਗਰਸੀ ਆਗੂਆਂ ਵੱਲੋਂ ਇੱਕ ਦੂਜੇ ਖਿਲਾਫ ਕੀਤੀ ਜਾ ਰਹੀ ਬਿਆਨਾਜ਼ੀ ਬਾਰੇ ਕਿਹਾ ਕਿ ਇਹ ਪੁਰਾਣੀ ਆਦਤ ਹੈ, ਹੌਲੀ-ਹੌਲੀ ਸੁਧਾਰ ਹੋਵੇਗਾ।
ਨਵਜੋਤ ਸਿੱਧੂ ਧੜੇ ਦੇ ਵਿਧਾਇਕ ਪਰਗਟ ਸਿੰਘ ਨੇ ਹਰੀਸ਼ ਰਾਵਤ ‘ਤੇ ਨਿਸ਼ਾਨਾ ਸਾਧਿਆ ਸੀ ਤੇ ਕਿਹਾ ਸੀ ਕਿ ਹਰੀਸ਼ ਰਾਵਤ ਨੂੰ ਚੋਣਾਂ ਸਬੰਧੀ ਐਲਾਨ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਹੈ। ਜਦੋਂ ਖੜਗੇ ਕਮੇਟੀ ਸਾਹਮਣੇ ਉਹ ਪੇਸ਼ ਹੋਏ ਸਨ ਤਾਂ ਕਿਹਾ ਗਿਆ ਸੀ ਕਿ ਚੋਣਾਂ ਸਬੰਧੀ ਐਲਾਨ ਦਾ ਅਧਿਕਾਰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਕੋਲ ਹੀ ਹੈ। ਦੂਜੇ ਪਾਸੇ ਕੁੱਝ ਦਿਨ ਪਹਿਲਾਂ ਬਾਗੀ ਧੜੇ ਦੇ ਵਫ਼ਦ ਨੂੰ ਹਰੀਸ਼ ਰਾਵਤ ਨੇ ਕਹਿ ਦਿੱਤਾ ਸੀ ਕਿ ਪੰਜਾਬ ‘ਚ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਲੜੀਆਂ ਜਾਣਗੀਆਂ, ਜਿਸ ਨੂੰ ਲੈ ਕੇ ਪਰਗਟ ਸਿੰਘ ਤੈਸ਼ ਵਿੱਚ ਆ ਗਏ ਸਨ।