India International Punjab

ਹਰਨਾਜ਼ ਸੰਧੂ ਨੇ ਵਧਾਇਆ ਪੰਜਾਬ ਦਾ ਮਾਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੀ ਮੁਟਿਆਰ ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ 2021 ਦਾ ਖਿਤਾਬ ਮਿਲਿਆ ਹੈ। ਦਿਲਚਸਪ ਗੱਲ ਹੈ ਕਿ 21 ਸਾਲਾ ਹਰਨਾਜ਼ ਸੰਧੂ ਨੇ 21 ਸਾਲ ਬਾਅਦ 2021 ‘ਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਮਿਸ ਯੂਨੀਵਰਸਿਟੀ ਦਾ ਖਿਤਾਬ 21 ਸਾਲਾਂ ਬਾਅਦ ਤੀਜੀ ਵਾਰ ਭਾਰਤ ਕੋਲ ਆਇਆ ਹੈ। ਸਾਲ 2000 ਵਿੱਚ ਲਾਰਾ ਦੱਤਾ ਮਿਸ ਯੂਨੀਵਰਸਿਟੀ ਬਣੀ ਸੀ। ਹਰਨਾਜ਼ ਸੰਧੂ ਨੂੰ ਐਤਵਾਰ ਰਾਤ ਨੂੰ ਇਜ਼ਰਾਈਲ ਦੇ ਈਲਾਟ ਵਿੱਚ ਯੂਨੀਵਰਸ ਡੋਮ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਮੈਕਸੀਕੋ ਤੋਂ ਉਸਦੀ ਪੂਰਵਜ ਐਂਡਰੀਆ ਮੇਜ਼ਾ ਦੁਆਰਾ ਤਾਜ ਪਹਿਨਾਇਆ ਗਿਆ ਸੀ। ਹਰਨਾਜ਼ ਦੇ ਇਸ ਤੋਂ ਪਹਿਲਾਂ ਟਾਈਮਜ਼ ਫਰੈਸ਼ ਫੇਸ ਮਿਸ ਚੰਡੀਗੜ੍ਹ 2017, ਮਿਸ ਮੈਕਸ ਐਮਰਜਿੰਗ ਸਟਾਰ ਇੰਡੀਆ 2018 ਅਤੇ ਫੈਮਿਨਾ ਮਿਸ ਇੰਡੀਆ ਪੰਜਾਬ 2019 ਵਰਗੇ ਕਈ ਖ਼ਿਤਾਬ ਵੀ ਆਪਣੇ ਨਾਂ ਕਰ ਚੁੱਕੀ ਹੈ। ਉਸ ਨੇ ‘ਯਾਰਾ ਦੀਆਂ ਪੋਹ ਬਾਰਾਂ’ ਅਤੇ ‘ਬਾਈ ਜੀ ਕੁੱਟਣਗੇ’ ਵਰਗੀਆਂ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਮਿਸ ਯੂਨੀਵਰਸ ਦੇ ਅੰਤਿਮ ਮੁਕਾਬਲੇ ਵਿੱਚ ਤਿੰਨਾਂ ਪ੍ਰਤੀਯੋਗੀਆਂ ਤੋਂ ਸਵਾਲ ਪੁੱਛਿਆ ਗਿਆ ਕਿ ਦਬਾਅ ਦਾ ਸਾਹਮਣਾ ਕਰ ਰਹੀਆਂ ਔਰਤਾਂ ਨੂੰ ਤੁਸੀਂ ਕੀ ਸਲਾਹ ਦਿਓਗੇ? ਇਸ ‘ਤੇ ਹਰਨਾਜ਼ ਸੰਧੂ ਨੇ ਜਵਾਬ ਦਿੱਤਾ ਕਿ ਤੁਹਾਨੂੰ ਵਿਸ਼ਵਾਸ ਕਰਨਾ ਹੋਵੇਗਾ ਕਿ ਤੁਸੀਂ ਵਿਲੱਖਣ ਹੋ ਅਤੇ ਇਹੀ ਤੁਹਾਨੂੰ ਸੁੰਦਰ ਬਣਾਉਂਦਾ ਹੈ। ਬਾਹਰ ਆਓ, ਆਪਣੇ ਲਈ ਬੋਲਣਾ ਸਿੱਖੋ ਕਿਉਂਕਿ ਤੁਸੀਂ ਆਪਣੇ ਜੀਵਨ ਦੇ ਆਗੂ ਹੋ। ਇਹ ਜਵਾਬ ਸੁਣ ਕੇ ਹਰ ਕੋਈ ਬਹੁਤ ਪ੍ਰਭਾਵਿਤ ਹੋਇਆ ਅਤੇ ਇਸ ਨਾਲ ਹਰਨਾਜ਼ ਸੰਧੂ ਨੇ ਇਸ ਸਾਲ ਦੀ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਿਆ।

ਭਾਰਤ ਇਸ ਤੋਂ ਪਹਿਲਾਂ ਦੋ ਵਾਰ ਮਿਸ ਯੂਨੀਵਰਸ ਮੁਕਾਬਲੇ ਵਿੱਚ ਆਪਣੀ ਥਾਂ ਬਣਾ ਚੁੱਕਿਆ ਹੈ। ਹਰਨਾਜ਼ ਭਾਰਤ ਦੀ ਤੀਜੀ ਮਿਸ ਯੂਨੀਵਰਸ ਹੈ। ਸੁਸ਼ਮਿਤਾ ਸੇਨ ਨੇ ਸਾਲ 1994 ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਇਹ ਤਾਜ ਹਾਸਿਲ ਕੀਤਾ ਸੀ। ਇਸ ਦੇ ਨਾਲ ਹੀ ਸਾਲ 2000 ‘ਚ ਲਾਰਾ ਦੱਤਾ ਨੇ ਇਸ ਤਾਜ ‘ਤੇ ਆਪਣਾ ਨਾਂ ਦਰਜ ਕਰਵਾਇਆ ਸੀ।