ਬਿਊਰੋ ਰਿਪੋਰਟ : ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਆਨੰਦ ਕਾਰਜ ਹੋ ਗਿਆ ਹੈ । ਉਨ੍ਹਾਂ ਨੇ ਸ਼ਨਿੱਚਰਵਾਰ ਦੀ ਸਵੇਰ ਗੁਰਦੁਆਰਾ ਭੰਬੋਰੇ ਸਾਹਿਬ ਨੰਗਲ ਵਿੱਚ IPS ਜੋਤੀ ਯਾਦਵ ਦੇ ਨਾਲ ਲਾਵਾ-ਫੇਰੇ ਲਏ। ਆਨੰਦ ਕਾਰਜ ਦੌਰਾਨ ਸਿਰਫ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਸਾਥੀ ਹੀ ਮੌਜੂਦ ਰਹੇ । ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਆਨੰਦ ਕਾਰਜ ਵੇਲੇ ਹਾਜ਼ਰ ਸਨ । ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਹਲਕੇ ਦੇ ਲੋਕਾਂ ਦੇ ਲਈ ਪ੍ਰੋਗਰਾਮ ਰੱਖਿਆ ਹੈ । ਜਦਕਿ ਕੈਬਨਿਟ ਮੰਤਰੀਆਂ ਅਤੇ ਹੋਰ ਸਿਆਸਤਦਾਨਾਂ ਦੇ ਲਈ ਚੰਡੀਗੜ੍ਹ ਵਿੱਚ ਰੀਸੈਪਸ਼ਨ ਰੱਖੀ ਗਈ ਹੈ । ਉਧਰ ਕੁੜੀ ਵਾਲਿਆਂ ਵੱਲੋਂ ਗੁਰੂਗਰਾਮ ਵਿੱਚ ਵਿਆਹ ਤੋਂ ਬਾਅਦ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ । IPS ਜੋਤੀ ਯਾਦਵ ਦਾ ਪਰਿਵਾਰ ਹਰਿਆਣਾ ਵਿੱਚ ਰਹਿੰਦਾ ਹੈ ।
ਜੋਤੀ ਯਾਦਵ ਬਾਰੇ ਜਾਣਕਾਰੀ
IPS ਡਾਕਟਰ ਜੋਤੀ ਯਾਦਵ 2019 ਬੈੱਚ ਦੀ IPS ਅਫਸਰ ਹਨ ਅਤੇ ਇਸ ਵੇਲੇ ਉਹ ਮਾਨਸਾ ਵਿੱਚ ਐੱਸਪੀ ਦੇ ਅਹੁਦੇ ‘ਤੇ ਤਾਇਨਾਤ ਹਨ । ਜੋਤੀ ਯਾਦਵ ਸਭ ਤੋਂ ਪਹਿਲਾਂ ਉਸ ਵੇਲੇ ਸੁਰੱਖਿਆ ਵਿੱਚ ਆਈ ਸੀ ਜਦੋਂ ਲੁਧਿਆਣਾ ਦੀ ਆਪ ਮਹਿਲਾ ਵਿਧਾਇਕ ਨੇ ਉਨ੍ਹਾਂ ਦੇ ਨਾਲ ਬਹਿਸ ਕੀਤੀ ਸੀ । ਪੂਰੇ ਪੰਜਾਬ ਵਿੱਚ ਡਰੱਗ ਦੇ ਖਿਲਾਫ ਆਪਰੇਸ਼ਨ ਚਲਾਇਆ ਜਾ ਰਿਹਾ ਸੀ । ਇਲਾਕੇ ਦੀ ਵਿਧਾਇਕ ਨੇ ਜੋਤੀ ਯਾਦਵ ਨੂੰ ਕਿਹਾ ਸੀ ਕਿ ਉਹ ਬਿਨਾਂ ਦੱਸੇ ਉਨ੍ਹਾਂ ਦੇ ਇਲਾਕੇ ਵਿੱਚ ਸਰਚ ਆਪਰੇਸ਼ਨ ਕਿਵੇਂ ਚੱਲਾ ਰਹੀ ਹੈ। ਇਸ ਤੋਂ ਇਲਾਵਾ ਜੋਤੀ ਯਾਦਵ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਵਿੱਚ ਵੀ ਅਹਿਮ ਅਹੁਦਿਆਂ ‘ਤੇ ਤਾਇਨਾਤ ਸਨ । 12 ਮਾਰਚ ਨੂੰ ਹਰਜੋਤ ਸਿੰਘ ਬੈਂਸ ਅਤੇ IPS ਜੋਤੀ ਯਾਦਵ ਦੇ ਵਿਆਹ ਦੀ ਖਬਰ ਸਾਹਮਣੇ ਆਈ ਸੀ । ਜੋਤੀ ਯਾਦਵ ਨੇ BDS ਵੀ ਕੀਤੀ ਹੈ । ਸੋਸ਼ਲ ਮੀਡੀਆ ‘ਤੇ ਵੀ ਡਾਕਟਰ ਜੋਤੀ ਯਾਦਵ ਕਾਫੀ ਐਕਟਿਵ ਹਨ ।
ਹਰਜੋਤ ਸਿੰਘ ਬੈਂਸ ਦਾ ਸਿਆਸੀ ਸਫਰ
ਹਰਜੋਤ ਸਿੰਘ ਬੈਂਸ ਪੇਸ਼ੇ ਤੋਂ ਵਕੀਲ ਹਨ ਅਤੇ ਸ਼ੁਰੂ ਤੋਂ ਆਮ ਆਦਮੀ ਪਾਟਰੀ ਦੇ ਨਾਲ ਜੁੜੇ ਹੋਏ ਸਨ । 2017 ਦੀਆਂ ਵਿਧਾਨਸਭਾ ਚੋਣਾਂ ਉਨ੍ਹਾਂ ਨੇ ਸਾਹਨੇਵਾਲ ਤੋਂ ਲੜੀ ਸੀ ਪਰ ਉਹ ਹਾਰ ਗਏ ਸਨ ਜਦਕਿ 2022 ਦੀਆਂ ਵਿਧਾਨਸਭਾ ਚੋਣਾ ਬੈਂਸ ਨੇ ਆਪਣੇ ਜੱਦੀ ਹਲਕੇ ਆਨੰਦਪੁਰ ਸਾਹਿਬ ਤੋਂ ਲੜੀ ਸੀ ਅਤੇ ਜਿੱਤ ਵੀ ਹਾਸਲ ਕੀਤੀ ਸੀ । ਪਹਿਲੀ ਵਾਰ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਸਿੱਧੇ ਮਾਨ ਕੈਬਨਿਟ ਵਿੱਚ ਥਾਂ ਮਿਲੀ ਸੀ । ਮੁੱਖ ਮੰਤਰੀ ਮਾਨ ਨੇ ਉਨ੍ਹਾਂ ਨੂੰ ਮਾਇਨਿੰਗ,ਜੇਲ੍ਹ,ਕਾਨੂੰਨੀ ਵਰਗੇ ਅਹਿਮ ਮੰਤਰਾਲਾ ਦੀ ਜ਼ਿੰਮੇਵਾਰੀ ਸੌਂਪੀ ਸੀ ਪਰ ਬਾਅਦ ਵਿੱਚੋ ਉਨ੍ਹਾਂ ਕੋਲੋ ਮਾਇਨਿੰਗ ਅਤੇ ਜੇਲ੍ਹ ਮੰਤਰਾਲੇ ਵਾਪਸ ਲੈਕੇ ਸਿੱਖਿਆ ਵਿਭਾਗ ਦੇ ਦਿੱਤਾ ਗਿਆ ।