ਯੂਪੀ ਸਰਕਾਰ ਨੇ 26 ਵਾਰ ਮੁਖਤਾਰ ਅੰਸਾਰੀ ਦੇ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਸੀ
‘ਦ ਖ਼ਾਲਸ ਬਿਊਰੋ :- ਉੱਤਰ ਪ੍ਰਦੇਸ਼ ਦੇ ਖ਼ਤਰਨਾਕ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਕਾਂਗਰਸ ਦੇ ਰਾਜ ਵਿੱਚ ਜੇਲ੍ਹ ਵਿੱਚ ਮਿਲੀ VIP ਟ੍ਰੀਟਮੈਂਟ ਨੂੰ ਲੈ ਕੇ ਵਿਧਾਨਸਭਾ ਦੇ ਅੰਦਰ ਹਰਜੋਤ ਬੈਂਸ ਅਤੇ ਸੁਖਜਿੰਦਰ ਰੰਧਾਵਾਂ ਵਿੱਚ ਤਿੱਖੀ ਬਹਿਸ ਹੋਈ ਸੀ। ਰੰਧਾਵਾ ਨੇ ਬੈਂਸ ਨੂੰ ਸਬੂਤ ਪੇਸ਼ ਕਰਨ ਦੀ ਚੁਣੌਤੀ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਸਬੂਤਾਂ ਦੇ ਨਾਲ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪ ਦਿੱਤੀ ਹੈ, ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਕਿਵੇਂ ਮੁਖਤਾਰ ਅੰਸਾਰੀ ਦੀ ਪਤਨੀ ਉਸ ਦੇ ਨਾਲ ਜੇਲ੍ਹ ਵਿੱਚ ਬਣੇ ਅਫਸਰ ਕੁਆਟਰਾਂ ਵਿੱਚ ਰਹਿੰਦੀ ਸੀ। ਰਿਪੋਰਟ ਵਿੱਚ ਕਈ ਅਫਸਰ ਵੀ ਸ਼ੱਕ ਦੇ ਘੇਰੇ ਵਿੱਚ ਨੇ, ਆਉਣ ਵਾਲੇ ਦਿਨਾਂ ਵਿੱਚ ਮੁਖਤਾਰ ਅੰਸਾਰੀ ਦਾ ਮਾਮਲਾ ਕੌਮੀ ਪੱਧਰ ‘ਤੇ ਵੀ ਗਰਮਾ ਸਕਦਾ ਹੈ ਕਿਉਂਕਿ ਇਸ ਦੇ ਤਾਰ ਦਿੱਲੀ ਤੋਂ ਲੈਕੇ ਯੂਪੀ ਤੱਕ ਜੁੜੇ ਹੋਏ ਹਨ।
ਜਾਂਚ ਰਿਪੋਰਟ ਵਿੱਚ ਖੁਲਾਸਾ
ਹਰਜੋਤ ਬੈਂਸ ਨੇ ਜਿਹੜੀ ਜਾਂਚ ਰਿਪੋਰਟ ਮੁੱਖ ਮੰਤਰੀ ਮੰਤਰੀ ਨੂੰ ਸੌਂਪੀ ਹੈ, ਸੂਤਰਾਂ ਮੁਤਾਬਿਕ ਉਸ ਵਿੱਚ ਦੱਸਿਆ ਗਿਆ ਹੈ ਕਿ ਰੋਪੜ ਜੇਲ੍ਹ ਵਿੱਚ ਅੰਸਾਰੀ ਅਫਸਰਾਂ ਲਈ ਬਣੇ ਘਰਾਂ ਵਿੱਚ ਰਹਿੰਦਾ ਸੀ ਅਤੇ ਪਤਨੀ ਵੀ ਆਉਂਦੀ ਸੀ। ਬਜਟ ਇਜਲਾਸ ਦੌਰਾਨ ਵਿਧਾਨਸਭਾ ਵਿੱਚ ਬੈਂਸ ਨੇ ਇਸ ਦਾ ਖੁਲਾਸਾ ਕੀਤਾ ਸੀ ਪਰ ਉਸ ਵੇਲੇ ਕਾਂਗਰਸ ਨੇ ਸਬੂਤ ਮੰਗੇ ਸਨ। ਸਿਰਫ ਇੰਨਾਂ ਹੀ ਨਹੀਂ, ਬੈਂਸ ਨੇ ਦਾਅਵਾ ਕੀਤਾ ਸੀ ਕਿ ਕਿਸ ਤਰ੍ਹਾਂ ਮੁਖਤਾਰ ਅੰਸਾਰੀ ਨੂੰ ਯੂਪੀ ਨਾ ਭੇਜਣ ਦੇ ਲਈ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਕੀਲਾਂ ਨੂੰ 50 ਲੱਖ ਦੇ ਕਰੀਬ ਫੀਸ ਦਿੱਤੀ ਗਈ, ਜਿਸ ਦੇ ਬਿੱਲ ਉਨ੍ਹਾਂ ਕੋਲ ਹਨ। ਬੈਂਸ ਵੱਲੋਂ ਸੀਐੱਮ ਮਾਨ ਨੂੰ ਰਿਪੋਰਟ ਦੇਣ ਤੋਂ ਬਾਅਦ ਹੁਣ ਹਾਈ ਲੈਵਲ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ‘ਤੇ ਕੌਮੀ ਪੱਧਰ ਦੀ ਕਾਰਵਾਈ ਹੋ ਸਕਦੀ ਹੈ।
ਰੰਗਦਾਰੀ ਦੇ ਮਾਮਲੇ ਵਿੱਚ ਅੰਸਾਰੀ ਰੋਪੜ ਜੇਲ੍ਹ ‘ਚ ਸੀ
ਕੈਪਟਨ ਸਰਕਾਰ ਵੇਲੇ ਪੰਜਾਬ ਪੁਲਿਸ ਮੁਖਤਾਰ ਅੰਸਾਰੀ ਨੂੰ ਇੱਕ ਵਪਾਰੀ ਤੋਂ 10 ਕਰੋੜ ਦੀ ਰੰਗਦਾਰੀ ਦੇ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ ‘ਤੇ ਯੂਪੀ ਤੋਂ ਲੈਕੇ ਆਈ ਸੀ। 26 ਵਾਰ ਯੂਪੀ ਸਰਕਾਰ ਨੇ ਅੰਸਾਰੀ ਨੂੰ ਵਾਪਸ ਲਿਆਉਣ ਦੇ ਲਈ ਪ੍ਰੋਡਕਸ਼ਨ ਵਾਰੰਟ ਕੱਢੇ ਪਰ ਜਦੋਂ ਕੋਈ ਸੁਣਵਾਈ ਨਹੀਂ ਹੋਈ ਤਾਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਅੰਸਾਰੀ ਨੂੰ 2 ਸਾਲ 3 ਮਹੀਨੇ ਬਾਅਦ ਯੂਪੀ ਭੇਜਿਆ ਗਿਆ ਸੀ। ਬੀਜੇਪੀ ਅਤੇ ਅਕਾਲੀ ਦਲ ਨੇ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਵਿੱਚ VIP ਟ੍ਰੀਟਮੈਂਟ ਮਿਲਣ ਦਾ ਇਲਜ਼ਾਮ ਲਗਾਇਆ ਸੀ। ਸਿਰਫ਼ ਇੰਨਾ ਹੀ ਨਹੀਂ, ਇਲਜ਼ਾਮ ਇਹ ਵੀ ਲੱਗਿਆ ਸੀ ਕਿ ਰਾਹੁਲ ਅਤੇ ਸੋਨੀਆ ਗਾਂਧੀ ਦੇ ਕਹਿਣ ‘ਤੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੰਸਾਰੀ ਨੂੰ ਯੂਪੀ ਪੁਲਿਸ ਦੇ ਹਵਾਲੇ ਨਹੀਂ ਕਰ ਰਹੇ ਸਨ।
ਅੰਸਾਰੀ ਰੰਧਾਵਾ ਦੇ ਲਿੰਕ
ਕੈਪਟਨ ਸਰਕਾਰ ਵੇਲੇ ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਮੰਤਰੀ ਸਨ। ਉੱਤਰ ਪ੍ਰਦੇਸ਼ ਦੇ ਮੰਤਰੀ ਸਿਧਾਰਥ ਨਾਥ ਸਿੰਘ ਨੇ ਇਲਜ਼ਾਮ ਲਗਾਇਆ ਸੀ ਕਿ ਰੰਧਾਵਾ ਅੰਸਾਰੀ ਦੇ ਪਰਿਵਾਰ ਨਾਲ ਮਿਲੇ ਸਨ। ਹਾਲਾਂਕਿ, ਤਤਕਾਲੀ ਜੇਲ੍ਹ ਮੰਤਰੀ ਨੇ ਇਸ ਇਲਜ਼ਾਮ ਤੋਂ ਇਨਕਾਰ ਕੀਤਾ ਸੀ। ਪੰਜਾਬ ਵਿਧਾਨਸਭਾ ਦੇ ਅੰਦਰ ਵੀ ਰੰਧਾਵਾ ਨੇ ਬੈਂਸ ਨੂੰ ਸਾਬਿਤ ਕਰਨ ਦੀ ਚੁਣੌਤੀ ਦਿੱਤੀ ਸੀ।