‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਲਈ ਧੰਨਵਾਦ ਕੀਤਾ। ਗਰੇਵਾਲ ਨੇ ਕਿਹਾ ਕਿ ਅਸੀਂ ਤਿੰਨੇ ਖੇਤੀ ਕਾਨੂੰਨ ਬਹੁਤ ਵਧੀਆ ਬਣਾਏ ਸਨ ਪਰ ਕਿਸਾਨਾਂ ਦੇ ਇੱਕ ਵਰਗ ਨੂੰ ਅਸੀਂ ਨਹੀਂ ਸਮਝਾ ਪਾਏ। ਮੋਦੀ ਨੇ ਕਿਸਾਨਾਂ ਕੋਲੋਂ ਮੁਆਫੀ ਮੰਗਦਿਆਂ ਇਹ ਐਲਾਨ ਕੀਤਾ ਹੈ। ਮੋਦੀ ਨੇ ਬਾਕੀ ਮੰਗਾਂ ਲਈ ਕਿਸਾਨਾਂ ਨੂੰ ਪੰਜ ਮੈਂਬਰੀ ਕਮੇਟੀ ਦੇਣ ਲਈ ਕਿਹਾ ਹੈ ਜੋ ਸਰਕਾਰੀ ਅਧਿਕਾਰੀਆਂ ਦੇ ਨਾਲ ਵਿਚਾਰ ਚਰਚਾ ਕਰਨਗੇ।
ਗਰੇਵਾਲ ਨੇ ਕਿਹਾ ਕਿ ਹੋਰ ਇਸ ਤੋਂ ਵੱਧ ਪ੍ਰਧਾਨ ਮੰਤਰੀ ਕੀ ਕਰ ਦੇਣ। ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਇਹ ਸਾਡੀ ਕਮੀ ਹੈ। ਕਿਸਾਨੀ ਅੰਦੋਲਨ ਬਾਬੇ ਨਾਨਕ ਦੀ ਮਿਹਰ ਨਾਲ ਚੱਲ ਰਿਹਾ ਸੀ ਅਤੇ ਹੁਣ ਖਤਮ ਵੀ ਬਾਬੇ ਨਾਨਕ ਦੀ ਮਿਹਰ ਨਾਲ ਹੋਇਆ ਹੈ। ਕਿਸਾਨ ਆਪਣੀਆਂ ਮੰਗਾਂ ਮਨਵਾ ਕੇ ਘਰਾਂ ਨੂੰ ਚਲੇ ਜਾਣ।
ਗਰੇਵਾਲ ਨੇ ਪੰਜਾਬ ਸਰਕਾਰ ਨੂੰ ਨਸੀਹਤ ਜਾਂ ਕਹਿ ਲਈਏ ਕਿ ਸਲਾਹ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੀ ਕੋਈ ਹਿਲਜੁਲ ਕਰ ਲਏ। ਗਰੇਵਾਲ ਨੇ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਆਪਣੀ ਤਰਫੋਂ ਦੇਣਾ ਚਾਹੀਦਾ ਹੈ।