Religion

ਪਾਰਟੀ ਤਾਂ ਸਾਡੀ ਵਾਲੀ ਹੀ ਜਿੱਤੂ, ਰਾਵਤ ਨੇ ਕਿਸਨੂੰ ਦਿੱਤੀ ਨਸੀਹਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਪੰਜਾਬ ਮਾਮਲਿਆਂ ਦੇ ਸਾਬਕਾ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਛੱਡਣ ਅਤੇ ਨਵੀਂ ਪਾਰਟੀ ਬਣਾਉਣ ਦੇ ਐਲਾਨ ਮਗਰੋਂ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪਾਰਟੀ ਵਿੱਚ ਸਭ ਕੁੱਝ ਠੀਕ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਹੀ ਸਰਕਾਰ ਬਣਾਏਗੀ। ਰਾਵਤ ਨੇ ਕਿਹਾ ਕਿ ਚੰਨੀ ਤੇ ਸਿੱਧੂ ਦੀ ਅਗਵਾਈ ਵਿੱਚ ਕਾਂਗਰਸ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਕੋਈ ਵਜੂਦ ਨਹੀਂ ਹੈ ਅਤੇ ਆਮ ਆਦਮੀ ਪਾਰਟੀ ਵੀ ਬਿਖਰੀ ਪਈ ਹੈ। ਇਸ ਲਈ ਪੰਜਾਬ ਵਿੱਚ ਸਿਰਫ ਕਾਂਗਰਸ ਦੀ ਹੀ ਸਰਕਾਰ ਬਣ ਸਕਦੀ ਹੈ। ਉਨ੍ਹਾਂ ਨਵ-ਨਿਯੁਕਤ ਪੰਜਾਬ ਤੇ ਚੰਡੀਗੜ੍ਹ ਇੰਚਾਰਜ ਹਰੀਸ਼ ਚੌਧਰੀ ਦੀ ਅਗਵਾਈ ‘ਤੇ ਭਰੋਸਾ ਪ੍ਰਗਟਾਇਆ ਤੇ ਕਿਹਾ ਕਿ ਉਹ ਪਾਰਟੀ ਨੂੰ ਸੂਬੇ ਵਿੱਚ ਜਿੱਤ ਵੱਲ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਭ ਕੁੱਝ ਠੀਕ ਚੱਲ ਰਿਹਾ ਹੈ ਤੇ ਅਸੀਂ ਚੁਣੌਤੀਆਂ ਨੂੰ ਪਾਰ ਕਰ ਰਹੇ ਹਾਂ।

ਜਾਣਕਾਰੀ ਮੁਤਾਬਕ ਹਰੀਸ਼ ਰਾਵਤ ਦੀ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਤਖਤਾ ਪਲਟ ਵਿੱਚ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਜਦੋਂ ਸਿੱਧੂ ਕੈਪਟਨ ਤੋਂ ਨਾਰਾਜ਼ ਹੋ ਕੇ ਘਰ ਬੈਠ ਗਏ ਸਨ ਤਾਂ ਰਾਵਤ ਹੀ ਉਨ੍ਹਾਂ ਨੂੰ ਮਨਾ ਕੇ ਲੈ ਆਏ ਸਨ। ਫਿਰ ਸੁਲਹ ਕਰਕੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ। ਇਸ ਤੋਂ ਬਾਅਦ ਪੰਜਾਬ ਦੀ ਰਿਪੋਰਟ ਹਾਈਕਮਾਂਡ ਨੂੰ ਦੇ ਕੇ ਕੈਪਟਨ ਅਮਰਿੰਦਰ ਨੂੰ ਘੇਰ ਲਿਆ। ਹਰੀਸ਼ ਰਾਵਤ ਅਹੁਦਾ ਛੱਡਣ ਤੋਂ ਬਾਅਦ ਵੀ ਕੈਪਟਨ ‘ਤੇ ਨਿਸ਼ਾਨਾ ਸਾਧਣ ਤੋਂ ਬਾਜ਼ ਨਹੀਂ ਆ ਰਹੇ। ਅੱਜ ਫਿਰ ਉਨ੍ਹਾਂ ਨੇ ਕੈਪਟਨ ਅਮਰਿੰਦਰ ‘ਤੇ ਨਿਸ਼ਾਨਾ ਕੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੈਪਟਨ ਨੂੰ ਨਿਰਾਸ਼ਾ ਹੀ ਮਿਲੀ ਹੈ ਕਿਉਂਕਿ ਇਹ ਤਾਂ ਤੈਅ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਹੀ ਸਰਕਾਰ ਬਣੇਗੀ।