Punjab

ਰਾਵਤ ਨੇ ਕੈਪਟਨ ਬਾਰੇ ਦੱਸਿਆ “ਸੱਚ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਪਾਵਰ ਸੰਘਰਸ਼ (Power Struggle) ਨਹੀਂ ਹੈ। ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਾਰੀਆਂ ਸਥਿਤੀਆਂ ਸਾਮਾਨ ਹੋ ਗਈਆਂ ਹਨ। ਕੁੱਝ ਤਾਕਤਾਂ ਹਨ ਜੋ ਭਰਮ ਪੈਦਾ ਕਰ ਰਹੀਆਂ ਹਨ। ਸਿੱਧੂ ਅਤੇ ਚੰਨੀ ਵਿਚਕਾਰ ਦੂਰੀਆਂ ਦਿਖਾਉਣ ਲਈ ਕੁੱਝ ਤਾਕਤਾਂ ਕੰਮ ਕਰ ਰਹੀਆਂ ਹਨ ਪਰ ਇਸ ਤਰ੍ਹਾਂ ਦਾ ਕੁੱਝ ਵੀ ਨਹੀਂ ਹੈ। ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਅਸੀਂ ਸਾਰੇ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਾਂ ਪਰ ਕੁੱਝ ਚੀਜ਼ਾਂ ਸਾਫ਼ ਕਰਨੀਆਂ ਜ਼ਰੂਰੀ ਸਨ ਜਿਵੇਂ ਉਹ ਕਹਿ ਰਹੇ ਹਨ ਕਿ ਉਨ੍ਹਾਂ ਦੀ ਬੇਇੱਜ਼ਤੀ ਹੋਈ ਹੈ ਅਤੇ ਅਸੀਂ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਉਨ੍ਹਾਂ ਦੀ ਕੋਈ ਬੇਇੱਜ਼ਤੀ ਨਹੀਂ ਹੋਈ ਹੈ। ਕੈਪਟਨ ਨੇ ਸੀਐੱਲਪੀ ਦੀ ਮੀਟਿੰਗ ਵਿੱਚ ਆਉਣ ਦੀ ਬਜਾਏ ਖੁਦ ਹੀ ਅਸਤੀਫ਼ਾ ਦੇ ਦਿੱਤਾ। ਕੈਪਟਨ ਨੂੰ ਲੈ ਕੇ ਹਾਲੇ ਸੰਭਾਵਨਾ ਖ਼ਤਮ ਨਹੀਂ ਹੋਈ ਹੈ।

ਮੁੱਖ ਮੰਤਰੀ ਬਦਲਣ ਦੀ ਮੰਗ ਲੋਕਾਂ ਵੱਲੋਂ ਕੀਤੀ ਜਾ ਰਹੀ ਸੀ, ਜਿਸ ਦੇ ਤਹਿਤ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਚੰਗਾ ਹੁੰਦਾ ਜੇਕਰ ਕੈਪਟਨ ਅਮਰਿੰਦਰ ਸਿੰਘ ਉਸ ਮੀਟਿੰਗ ਵਿੱਚ ਪਹੁੰਚਦੇ। ਹਰੀਸ਼ ਰਾਵਤ ਨੇ ਇਹ ਵੀ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਦਲਿਤ ਭਾਈਚਾਰੇ ਦੇ ਲੋਕ ਕਾਂਗਰਸ ਤੋਂ ਦੂਰ ਹੋ ਰਹੇ ਸਨ, ਹੁਣ ਫਿਰ ਮੁੜ ਕਾਂਗਰਸ ਨਾਲ ਜੁੜਨ ਲੱਗੇ ਹਨ।