ਗਾਜ਼ੀਆਬਾਦ ਦੇ 31 ਸਾਲਾ ਹਰੀਸ਼ ਰਾਣਾ ਦਾ ਅੰਤਿਮ ਸਸਕਾਰ ਅੱਜ ਸਵੇਰੇ ਦਿੱਲੀ ਦੇ ਗ੍ਰੀਨ ਪਾਰਕ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ। ਉਨ੍ਹਾਂ ਦੇ ਛੋਟੇ ਭਰਾ ਆਸ਼ੀਸ਼ ਰਾਣਾ ਨੇ ਸਵੇਰੇ 9:40 ਵਜੇ ਚਿਤਾ ਨੂੰ ਅਗਨੀ ਭੇਟ ਕੀਤੀ। ਇਸ ਤੋਂ ਪਹਿਲਾਂ ਹਰੀਸ਼ ਦੀ ਦੇਹ ਨੂੰ ਸ਼ਮਸ਼ਾਨਘਾਟ ਲਿਆਂਦਾ ਗਿਆ। ਉਨ੍ਹਾਂ ਦੇ ਪਿਤਾ ਅਸ਼ੋਕ ਰਾਣਾ (62) ਨੇ ਰੋਂਦੇ ਹੋਏ ਆਪਣੇ ਪੁੱਤਰ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਅਤੇ ਭੀੜ ਨੂੰ ਅਪੀਲ ਕੀਤੀ, ‘‘ਕੋਈ ਨਾ ਰੋਵੇ। ਪੁੱਤਰ ਸ਼ਾਂਤੀ ਨਾਲ ਜਾਵੇ। ਉਸ ਨੂੰ ਰੱਬ ਦਾ ਅਸ਼ੀਰਵਾਦ ਮਿਲੇ।’’
ਹਰੀਸ਼ 13 ਸਾਲਾਂ ਤੋਂ ਕੋਮਾ ਵਿੱਚ ਸਨ। ਉਨ੍ਹਾਂ ਨੇ ਕੱਲ੍ਹ 24 ਮਾਰਚ ਨੂੰ ਏਮਜ਼, ਦਿੱਲੀ ਵਿੱਚ ਆਖਰੀ ਸਾਹ ਲਿਆ। ਡਾਕਟਰਾਂ ਅਨੁਸਾਰ ਪਰਿਵਾਰ ਨੇ ਹਰੀਸ਼ ਦੇ ਫੇਫੜੇ, ਦੋਵੇਂ ਗੁਰਦੇ ਅਤੇ ਕੌਰਨੀਆ ਦਾਨ ਕਰ ਦਿੱਤੇ ਹਨ, ਜਿਸ ਨਾਲ ਛੇ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲਣ ਦੀ ਉਮੀਦ ਹੈ।
ਸੁਪਰੀਮ ਕੋਰਟ ਨੇ 11 ਮਾਰਚ ਨੂੰ ਹਰੀਸ਼ ਰਾਣਾ ਨੂੰ ਇੱਛਾ ਮੌਤ (ਪੈਸਿਵ ਯੂਥੇਨੇਸੀਆ) ਦੀ ਇਜਾਜ਼ਤ ਦਿੱਤੀ ਸੀ। ਇਹ ਦੇਸ਼ ਵਿੱਚ ਇੱਛਾ ਮੌਤ ਦਾ ਪਹਿਲਾ ਮਾਮਲਾ ਹੈ। ਇਜਾਜ਼ਤ ਮਿਲਣ ਤੋਂ ਬਾਅਦ 14 ਮਾਰਚ ਨੂੰ ਉਨ੍ਹਾਂ ਨੂੰ ਗਾਜ਼ੀਆਬਾਦ ਤੋਂ ਏਮਜ਼ ਦਿੱਲੀ ਤਬਦੀਲ ਕੀਤਾ ਗਿਆ ਅਤੇ 16 ਮਾਰਚ ਨੂੰ ਫੀਡਿੰਗ ਟਿਊਬ ਹਟਾ ਦਿੱਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕੁਦਰਤੀ ਤੌਰ ’ਤੇ ਮਰਨ ਦਿੱਤਾ ਗਿਆ।
ਪਰਿਵਾਰ ਨੇ ਇਸ ਔਖੇ ਫੈਸਲੇ ਲਈ ਡਾਕਟਰਾਂ ਅਤੇ ਅਦਾਲਤ ਦਾ ਧੰਨਵਾਦ ਕੀਤਾ ਹੈ। ਹਰੀਸ਼ ਰਾਣਾ ਦੀ ਇੱਛਾ ਮੌਤ ਨੇ ਦੇਸ਼ ਵਿੱਚ ਇਸ ਮੁੱਦੇ ਉੱਤੇ ਵੱਡੀ ਬਹਿਸ ਛੇੜ ਦਿੱਤੀ ਹੈ।

