India

ਕੈਂਸਰ ਪੀੜਤ ਬੱਚੀ ਨੂੰ ਡੋਬ ਕੇ ਮਾਰਨ ਦਾ ਇਲਜ਼ਾਮ ! ਵਿਸ਼ਵਾਸ਼ ਸੀ ਠੀਕ ਹੋ ਜਾਵੇਗੀ ! ਹੁਣ ਜਾਂਚ ‘ਚ ਨਵਾਂ ਖੁਲਾਸਾ !

ਬਿਉਰੋ ਰਿਪੋਰਟ : ਹਰਿਦੁਆਰ ਵਿੱਚ ਇੱਕ ਦਿਲ ਨੂੰ ਪਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਪਰਿਵਾਰ ਦਾ ਆਪਣੇ 5 ਸਾਲ ਦੇ ਕੈਂਸਰ ਪੀੜਤ ਬੱਚੇ ਨੂੰ ਗੰਗਾ ਵਿੱਚ ਡੋਬਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਕਿਹਾ ਜਾ ਰਿਹਾ ਹੈ ਕਿ ਪਾਣੀ ਵਿੱਚ ਜ਼ਿਆਦਾ ਦੇਰ ਡੁੱਬੇ ਰਹਿਣ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ ਹੈ । ਇਸ ਦੇ ਬਾਅਦ ਹਰਿਦੁਆਰ ਪੁਲਿਸ ਨੇ ਬੱਚੇ ਦੀ ਮਾਪਿਆਂ ਅਤੇ ਚਾਚੀ ਨੂੰ ਗ੍ਰਿਫਤਾਰ ਕਰ ਲਿਆ ਹੈ ।

ਹਰਿਦੁਆਰਾ ਪੁਲਿਸ ਦੇ ਮੁਖੀ ਸਵਤੰਤਰ ਕੁਮਾਰ ਨੇ ਦੱਸਿਆ ਹੈ ਕਿ ਮੁਲਜ਼ਮ ਚਾਚੀ ਬੱਚੇ ਨੂੰ ਲੈਕੇ ਗੰਗਾ ਵਿੱਚ ਗਈ ਸੀ । ਉਸ ਨੇ ਬੱਚੇ ਨੂੰ ਪਾਣੀ ਦੇ ਅੰਦਰ ਡੁੱਬੋ ਦਿੱਤਾ । ਉੱਥੇ ਹੀ ਬੱਚੇ ਦੇ ਮਾਪੇ ਮੰਤਰ ਦਾ ਜਾਪ ਕਰ ਰਹੇ ਸਨ। ਉਥੇ ਮੌਜੂਦ ਲੋਕ ਕੁਝ ਦੇਰ ਉਨ੍ਹਾਂ ਨੂੰ ਵੇਖ ਦੇ ਰਹੇ। ਪੁਲਿਸ ਦੇ ਮੁਤਾਬਿਕ ਪਰਿਵਾਰ ਨੂੰ ਲੱਗਿਆ ਸੀ ਅਜਿਹਾ ਕਰਨ ਨਾਲ ਬੱਚੇ ਦੀ ਬਿਮਾਰੀ ਠੀਕ ਹੋ ਜਾਵੇਗੀ ।

ਹਾਲਾਂਕਿ 24 ਜਨਵਰੀ ਦੀ ਰਾਤ 11:56 ਵਜੇ ਹਰਿਦੁਆਰ ਪੁਲਿਸ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਹਰ ਦੀ ਪੌੜੀ ‘ਤੇ ਔਰਤ ਵੱਲੋਂ ਬੱਚੇ ਨੂੰ ਡੋਬ ਕੇ ਮਾਰਨ ਦੀ ਗੱਲ ਗਲਤ ਹੈ । ਪੁਲਿਸ ਦੇ ਮੁਤਾਬਿਕ ਪੋਸਟ ਮਾਰਟਮ ਕਰਨ ਵਾਲੇ ਡਾਕਟਰਾਂ ਮੁਤਾਬਿਕ ਬੱਚੇ ਦੇ ਫੇਫੜੇ ਵਿੱਚ ਪਾਣੀ ਨਹੀਂ ਸੀ । ਯਾਨੀ ਬੱਚੇ ਦੀ ਮੌਤ ਡੁੱਬਣ ਦੀ ਵਜ੍ਹਾ ਕਰਕੇ ਨਹੀਂ ਹੋਈ ਹੈ। ਬੱਚੇ ਦੇ ਸਰੀਰ ਵਿੱਚ ਅਕੜ ਵੀ ਨਹੀਂ ਸੀ ।

ਹਰਿਦੁਆਰ ਪੁਲਿਸ ਨੇ ਫੇਸਬੁੱਕ ਪੋਸਟ ਵਿੱਚ ਲਿਖਿਆ ਹੈ ਕਿ ਹਰ ਦੀ ਪੌੜੀ ‘ਤੇ ਔਰਤ ਵੱਲੋਂ ਬੱਚੇ ਨੂੰ ਡੋਬ ਮਾਰਨ ਦੀ ਗੱਲ ਗਲਤ ਹੈ । ਪਹਿਲੀ ਨਜ਼ਰ ਵਿੱਚ ਮਾਮਲਾ ਆਸਤਾ ਅਤੇ ਅੰਤਿਮ ਉਮੀਦ ਦੇ ਨਾਲ ਜੁੜਿਆ ਹੈ । ਹਰ ਪਹਿਲੂ ਤੋਂ ਜਾਂਚ ਜਾਰੀ ਹੈ । ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਹੈ । ਹਾਲਾਂਕਿ ਡਾਕਟਰਾਂ ਨੇ ਦੱਸਿਆ ਹੈ ਕਿ ਬੱਚੇ ਦੇ ਫੇਫੜੇ ਵਿੱਚ ਪਾਣੀ ਨਹੀਂ ਸੀ ।

ਪੁਲਿਸ ਦੇ ਮੁਤਾਬਿਕ ਬੱਚਾ ਬਲੱਡ ਕੈਂਸਰ ਨਾਲ ਪੀੜਤ ਸੀ । ਉਸ ਦੀ ਅਖੀਰਲੀ ਸਟੇਜ ਹੋਣ ਦੇ ਕਾਰਨ AIIMS ਨੇ ਉਸ ਨੂੰ ਭਰਤੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਇਸ ਦੇ ਬਾਅਦ ਅੰਤਿਮ ਉਮੀਦ ਦੇ ਰੂਪ ਵਿੱਚ ਮਾਪੇ ਉਸ ਨੂੰ ਗੰਗਾ ਦੇ ਘਾਟ ‘ਤੇ ਹਰਿਦੁਆਰ ਲਿਆਏ ਸਨ ।