‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਨੂੰ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਨਵਰੀਤ ਸਿੰਘ ਦੇ ਦਾਦੇ ਹਰਦੀਪ ਸਿੰਘ ਡਿਬਡਿਬਾ ਦੀ ਅਗਵਾਈ ਹੇਠ ਨੌਜਵਾਨ ਕਿਸਾਨ ਮੋਰਚਾ ਇੱਕਜੁਟਤਾ ਮਾਰਚ ਅੱਜ ਸਵੇਰੇ ਸਿੰਘੂ ਬਾਰਡਰ ਪਹੁੰਚ ਗਿਆ ਹੈ।
ਇਹ ਮਾਰਚ ਕੱਲ੍ਹ ਮੋਗਾ ਤੋਂ ਸ਼ੁਰੂ ਹੋਇਆ ਸੀ। ਇਸ ਮਾਰਚ ਨੇ ਆਪਣਾ ਪਹਿਲਾ ਪੜਾਅ ਸ਼ੰਭੂ ਬਾਰਡਰ ਤੱਕ ਤੈਅ ਕੀਤਾ ਸੀ। ਸ਼ੰਭੂ ਬਾਰਡਰ ‘ਤੇ ਕੱਲ੍ਹ ਹਰਦੀਪ ਸਿੰਘ ਡਿਬਡਿਬਾ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ।
ਇਸ ਮੌਕੇ ਵੱਖ-ਵੱਖ ਧਾਰਮਿਕ, ਨੌਜਵਾਨ ਲੀਡਰ ਅਤੇ ਕਈ ਕਲਾਕਾਰ ਸ਼ਾਮਿਲ ਹੋਏ ਸਨ, ਪਰ ਕੋਈ ਵੱਡਾ ਕਿਸਾਨ ਲੀਡਰ ਇਸ ਮੌਕੇ ਸ਼ੰਭੂ ਬਾਰਡਰ ਨਹੀਂ ਪਹੁੰਚਿਆ।
ਗਾਇਕ ਕੰਵਰ ਗਰੇਵਾਲ ਨੇ ਹਰਦੀਪ ਸਿੰਘ ਡਿਬਡਿਬਾ ਦੀ ਸ਼ਲਾਘਾ ਕਰਦਿਆਂ ਕਿਹਾ ਸੀ ਕਿ ਨਵਰੀਤ ਸਿੰਘ ਦੇ ਦਾਦਾ ਜੀ ਸਾਡੇ ਸਾਰਿਆਂ ਲਈ ਪ੍ਰੇਰਣਾ ਹਨ। ਅੱਜ ਸਿੰਘੂ ਬਾਰਡਰ ਪਹੁੰਚਣ ‘ਤੇ ਵੀ ਹਰਦੀਪ ਸਿੰਘ ਡਿਬਡਿਬਾ ਦਾ ਸਨਮਾਨ ਕੀਤਾ ਗਿਆ ਅਤੇ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਨਵਰੀਤ ਸਿੰਘ ਦੇ ਦਾਦਾ ਜੀ ਸਾਡੇ ਸਾਰਿਆਂ ਦੇ ਦਾਦਾ ਜੀ ਹਨ। ਉਨ੍ਹਾਂ ਤੋਂ ਸਾਨੂੰ ਮਜ਼ਬੂਤ ਹੋਣ ਦੀ ਪ੍ਰੇਰਣਾ ਮਿਲੀ ਹੈ।