India Punjab

ਸਰਕਾਰਾਂ ਨਾਲ ਰਲੇ ਹੋਏ ਨੇ ਕਿਸਾਨ ਲੀਡਰ ਪਰ ਮੈਂ ਨਹੀਂ ਤੋੜਨ ਦਿਆਂਗਾ ਮੋਰਚਾ, ਪੜ੍ਹੋ ਕਿਸ ਕਿਸਾਨ ਲੀਡਰ ਨੇ ਦਿੱਤੀ ਜਾਣਕਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- 26 ਜਨਵਰੀ ਨੂੰ ਕਿਸਾਨ ਟਰੈਕਟ ਪਰੇਡ ਦੌਰਾਨ ਸ਼ਹੀਦ ਹੋਣ ਵਾਲੇ ਨੌਜਵਾਨ ਨਵਰੀਤ ਸਿੰਘ ਡਿਬਡਿਬਾ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਵੱਲੋਂ ਅੱਜ ਸੈਕਟਰ 28 ਏ ਦੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਹਰਦੀਪ ਸਿੰਘ ਡਿਬਡਿਬਾ ਨੇ ਕਿਹਾ ਕਿ ਕਿਸਾਨ ਮੋਰਚੇ ਦੇ ਆਗੂਆਂ ਨੇ ਮੇਰਾ ਪਰਿਵਾਰਕ ਮੁੱਦਾ ਉਛਾਲ ਕੇ ਮੇਰੀ ਕਿਰਦਾਰਕੁਸ਼ੀ ਕੀਤੀ ਹੈ। ਡਿਬਡਿਬਾ ਨੇ ਕਿਹਾ ਕਿ ਜੇਕਰ ਅਸੀਂ ਕਿਸਾਨ ਲੀਡਰਾਂ ਤੋਂ ਕੋਈ ਸਵਾਲ ਪੁੱਛਦੇ ਹਾਂ ਤਾਂ ਸਾਨੂੰ ਮੋਰਚਾ ਤੋੜਨ ਵਾਲਿਆਂ ਲਾਈਨ ਵਿੱਚ ਖੜ੍ਹਾ ਕੀਤਾ ਜਾਂਦਾ ਹੈ। ਸਾਨੂੰ ਕਿਸਾਨ ਅੰਦੋਲਨ ਦਾ ਵਿਰੋਧੀ ਦੱਸਿਆ ਜਾਂਦਾ ਹੈ।

ਡਿਬਡਿਬਾ ਨੇ ਸਾਰੀ ਗੱਲ ਦੱਸਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ‘ਤੇ ਮੇਰੇ ਪਰਿਵਾਰ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਪੰਜ ਰੁਪਏ ਤੱਕ ਨਹੀਂ ਦਿੱਤੇ। ਡਿਬਡਿਬਾ ਨੇ ਕਿਹਾ ਕਿ ਮੈਂ ਤਾਂ ਉਨ੍ਹਾਂ ਨੂੰ ਆਪਣੀ ਜ਼ਮੀਨ, ਆਪਣਾ ਘਰ ਸਭ ਕੁੱਝ ਦਿੱਤਾ ਹੈ, ਹੁਣ ਪਰਿਵਾਰ ਪਾਲਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ, ਕੀ ਮੈਂ ਹੁਣ ਉਨ੍ਹਾਂ ਨੂੰ ਡਾਕਾ ਮਾਰ ਕੇ ਪੈਸੇ ਲਿਆ ਦੇ ਕੇ ਦਿਆਂ।

ਡਿਬਡਿਬਾ ਨੇ ਕਿਹਾ ਕਿ ਮੈਂ ਕਿਸਾਨ ਲੀਡਰਾਂ ਨੂੰ ਸਵਾਲਾਂ ਦੇ ਜਵਾਬ ਲੈਣ ਤੋਂ ਬਾਅਦ ਹੀ ਜਾਣ ਦਿਆਂਗਾ। ਮੇਰੇ ਸਵਾਲ ਬਿਲਕੁਲ ਵਾਜਿਬ ਹਨ। ਕਿਸਾਨ ਮੋਰਚੇ ਦੇ ਨਾਲ ਮੈਂ ਜੀ-ਜਾਨ ਨਾਲ ਜੁੜਿਆ ਹੋਇਆ ਹਾਂ। ਮੋਰਚੇ ਵਿੱਚ ਸਭ ਤੋਂ ਵੱਧ ਕੁਰਬਾਨੀ ਮੇਰੇ ਪਰਿਵਾਰ ਦੀ ਹੈ। ਮੈਂ ਉਸ ਮੋਰਚੇ ਨੂੰ ਕਿਸੇ ਵੀ ਕੀਮਤ ‘ਤੇ ਨਾ ਤਾਂ ਵਿਕਣ ਦਿਆਂਗਾ ਅਤੇ ਨਾ ਹੀ ਉਨ੍ਹਾਂ ਨੂੰ ਮੋਰਚਾ ਉਜਾੜਨ ਦੇਵਾਂਗਾ ਜੋ ਇਸਨੂੰ ਉਜਾੜਨ ਦੀ ਨੀਤ ਨਾਲ ਉੱਥੇ ਬੈਠੇ ਹਨ। ਹਾਲਾਂਕਿ, ਕੁੱਝ ਮੋਰਚਾ ਤਾਂ ਉਹ ਉਜਾੜ ਚੁੱਕੇ ਹਨ।

ਡਿਬਡਿਬਾ ਨੇ ਕਿਹਾ ਕਿ ਨੌਂ ਮਹੀਨਿਆਂ ਵਿੱਚ ਕਿਸਾਨ ਮੋਰਚੇ ਦਾ ਹੱਲ ਕੀ ਨਿਕਲਿਆ ਹੈ। ਕਿਸਾਨ ਲੀਡਰਾਂ ਨੇ ਜਿੱਥੇ ਲੋੜ ਹੈ, ਉੱਥੇ ਕਿਸਾਨਾਂ ਨੂੰ ਬਿਠਾਇਆ ਨਹੀਂ, ਬਲਕਿ ਕਿਸਾਨਾਂ ਨੂੰ ਇੱਧਰ-ਉੱਧਰ ਜਿਵੇਂ ਯੂਪੀ, ਹਰਿਆਣਾ ਵੱਲ ਭਜਾਉਂਦੇ ਫਿਰ ਰਹੇ ਹਨ। ਕਰਨਾਲ ਵਿੱਚ 100 ਫ਼ੀਸਦੀ ਲੋਕ ਦਿੱਲੀ ਜਾਣ ਦਾ ਪ੍ਰੋਗਰਾਮ ਮੰਗਦੇ ਸੀ। ਪਰ ਕਿਸਾਨ ਲੀਡਰਾਂ ਨੇ ਸਟੇਜਾਂ ਤੋਂ ਕਿਸਾਨਾਂ ਨੂੰ ਸਹੁੰ ਖਵਾਈ ਸੀ ਕਿ ਜੋ ਅਸੀਂ ਕਹਾਂਗੇ ਉਹ ਤੁਸੀਂ ਮੰਨੋਗੇ ਕਿਉਂਕਿ ਇਨ੍ਹਾਂ ਨੂੰ ਆਪਣੀ ਔਕਾਤ ਦਾ ਪਤਾ ਸੀ। ਮੋਰਚੇ ਦੇ ਆਗੂ ਕਿਸਾਨਾਂ ਨੂੰ ਮੋਰਚਾ ਲੜਾਉਣਾ ਨਹੀਂ ਚਾਹੁੰਦੇ, ਜਿਤਾਉਣਾ ਨਹੀਂ ਚਾਹੁੰਦੇ ਬਲਕਿ ਮੋਰਚੇ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਸਾਰੇ ਸਰਕਾਰ ਦੇ ਨਾਲ ਮਿਲੇ ਹੋਏ ਹਨ ਪਰ ਅਸੀਂ ਮੋਰਚਾ ਖਤਮ ਨਹੀਂ ਹੋਣ ਦਿਆਂਗੇ।