ਅੰਮ੍ਰਿਤਸਰ : ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਨਵ ਨਿਯੁਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਦਾਅਵਾ ਕੀਤਾ। ਜਥੇਦਾਰ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਇੱਜ਼ਤ ਨਾਲ ਜਾ ਰਿਹਾ ਹਾਂ। ਕਿਸੇ ਤੋਂ ਕੋਈ ਨਿੱਜੀ ਕੰਮ ਨਹੀਂ ਲਿਆ, ਸਿਰਫ਼ ਪੰਥ ਲਈ ਹੀ ਕਾਰਜ ਕੀਤੇ ਹਨ। ਮੈਂ ਆਪਣੀ ਸੇਵਾ ਨਿਡਰ ਅਤੇ ਸ਼ਰਧਾ ਨਾਲ ਕੀਤੀ ਹੈ, ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਪੌਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਪੱਤ ਰੱਖੀ ਹੈ ਅਤੇ ਅੱਗੇ ਵੀ ਉਹ ਆਪਣਾ ਅਸ਼ੀਰਵਾਦ ਦੇਣ।
ਇਸ ਮੌਕੇ ਜਥੇਦਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ ਸਵੈ ਇੱਛਾ ਦੇ ਨਾਲ ਇਹ ਅਹੁਦਾ ਛੱਡਿਆ ਸੀ। ਜਥੇਦਾਰ ਨੇ ਕਿਹਾ ਕਿ ਮੈਂ ਜਦੋਂ ਅਸਟ੍ਰੇਲੀਆ ਗਿਆ ਸੀ, ਉਦੋਂ ਮੈਂ ਇਹ ਪੇਸ਼ਕਸ਼ ਕੀਤੀ ਸੀ ਕਿ ਮੈਂ ਇਸ ਸੇਵਾ ਤੋਂ ਮੁਕਤ ਹੋਣਾ ਚਾਹੁੰਦਾ ਹਾਂ ਅਤੇ ਜੇ ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਤਾਂ ਉਹ ਮੇਰੇ ਤੋਂ ਦੋਵੇਂ ਤਖ਼ਤਾਂ ਦੀ ਸੇਵਾ ਲੈ ਕੇ ਕਿਸੇ ਯੋਗ ਗੁਰਸਿੱਖ ਨੂੰ ਸੇਵਾ ਸੌਂਪ ਸਕਦੀ ਹੈ। ਜਥੇਦਾਰ ਨੇ ਕਿਹਾ ਕਿ ਮੈਂ ਕਿਹਾ ਸੀ ਕਿ ਰਾਜਨੀਤਿਕ ਦਬਾਅ ‘ਤੇ ਅਹੁਦਾ ਛੱਡ ਦੇਵਾਂਗਾ, ਇਸ ਲਈ ਹੁਣ ਮੈਂ ਅਹੁਦਾ ਛੱਡ ਦਿੱਤਾ ਹੈ।
ਗੁਰਬਾਣੀ ਪ੍ਰਸਾਰਨ ‘ਤੇ ਜਥੇਦਾਰ ਦਾ ਬਿਆਨ
ਜਥੇਦਾਰ ਨੇ ਕਿਹਾ ਕਿ ਗੁਰਬਾਣੀ ਪ੍ਰਸਾਰਨ ਬਾਰੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲ ਬਾਰੇ ਬੋਲਦਿਆਂ ਜਥੇਦਾਰ ਨੇ ਕਿਹਾ ਕਿ ਉਹ Valid ਹੈ ਜਾਂ ਨਹੀਂ, ਇਹ ਤਾਂ ਗੁਰਦੁਆਰਾ ਐਕਟ ਦੇ ਮਾਹਿਰ ਦੱਸ ਸਕਦੇ ਹਨ ਪਰ ਮੈਂ ਏਨਾ ਜ਼ਰੂਰ ਕਹਾਂਗਾ ਕਿ ਸਾਨੂੰ ਇਵੇਂ ਦੀਆਂ ਸਥਿਤੀਆਂ ਬਣਨ ਤੋਂ ਗੁਰੇਜ਼ ਕਰਨਾ ਚਾਹੀਦਾ ਸੀ, ਇਵੇਂ ਦੀਆਂ ਸਥਿਤੀਆਂ ਬਣਨੀਆਂ ਨਹੀਂ ਸੀ ਚਾਹੀਦੀਆਂ। 1925 ਗੁਰਦੁਆਰਾ ਐਕਟ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਗਿਆ ਹੈ ਕਿਉਂਕਿ ਮਾਸਟਰ ਤਾਰਾ ਸਿੰਘ ਅਤੇ ਨਹਿਰੂ ਦੇ ਦਰਮਿਆਨ 1959 ਵਿੱਚ ਇੱਕ Compromise ਹੋਇਆ ਸੀ, ਉਸਦੇ ਵਿੱਚ ਇਹ ਮੱਦ ਦਰਜ ਕੀਤੀ ਗਈ ਸੀ ਕਿ ਕੋਈ ਵੀ ਸੋਧ ਸ਼੍ਰੋਮਣੀ ਕਮੇਟੀ ਦੇ ਹਾਊਸ ਵਿੱਚ ਪਾਸ ਕੀਤੇ ਬਿਨਾਂ ਕੋਈ ਵੀ ਸਰਕਾਰ ਨਹੀਂ ਕਰ ਸਕਦੀ ਅਤੇ ਕਦੇ ਕਿਸੇ ਸਰਕਾਰ ਨੇ ਕੀਤੀ ਵੀ ਨਹੀਂ। ਇਹ ਪਹਿਲੀ ਵਾਰ ਹੋਇਆ ਕਿ ਹਰਿਆਣਾ ਸਰਕਾਰ ਨੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਬਣਾਈ ਪਰ 1925 ਐਕਟ ਦੇ ਤਹਿਤ ਹਰਿਆਣਾ ਦੇ ਗੁਰਦੁਆਰਿਆਂ ਦਾ ਜੋ ਪ੍ਰਬੰਧ ਸ਼੍ਰੋਮਣੀ ਕਮੇਟੀ ਕਰ ਰਹੀ ਸੀ, ਉਹ ਕਿਸੇ ਵੀ ਢੰਗ ਨਾਲ ਕਮੇਟੀ ਤੋਂ ਖੋਹੇ ਨਹੀਂ ਸੀ ਜਾ ਸਕਦੇ।
ਮਾਨ ਵੱਲੋਂ ਦਾੜੀ ਵਾਲੇ ਬਿਆਨ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਜਥੇਦਾਰ ਨੇ ਕਿਹਾ ਕਿ ਬਹੁਤ ਬੇਮਾਇਨੇ ਗੱਲਾਂ ਹਨ, ਸਿੱਖਾਂ ਦੀ ਪੰਥਕ ਅਤੇ ਸ਼ਖਸੀ ਰਹਿਣੀਆਂ ਹਨ।
ਵਿਰਸਾ ਸਿੰਘ ਵਲਟੋਹਾ ‘ਤੇ ਜਥੇਦਾਰ ਦਾ ਤੰਜ
ਜਥੇਦਾਰ ਨੇ ਵਿਰਸਾ ਸਿੰਘ ਵਲਟੋਹਾ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਪੇਜ ਉੱਤੇ ਪਾਇਆ ਹੈ ਕਿ ਜਰੂਰੀ ਨਹੀਂ ਕਿ ਜਥੇਦਾਰ ਕਥਾਵਾਚਕ, ਪ੍ਰਚਾਰਕ, ਗਿਆਨੀ, ਗ੍ਰੰਥੀ, ਤਗੜਾ ਬੁਲਾਰਾ ਜਾਂ ਵਧੀਆ ਲੱਸੇਦਾਰ ਭਾਸ਼ਣ ਕਰਨ ਵਾਲਾ ਹੀ ਹੋਵੇ। ਜਥੇਦਾਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਵਿਰਸਾ ਸਿੰਘ ਵਲਟੋਹਾ ਵਿੱਚ ਇਸ ਸਮੇਂ ਲੱਗਦਾ ਦਲੇਰੀ, ਹਿੰਮਤ ਬਹੁਤ ਜ਼ਿਆਦਾ ਹੈ, ਇਸ ਲਈ ਮੈਂ ਸ਼੍ਰੋਮਣੀ ਕਮੇਟੀ ਨੂੰ ਕਹਾਂਗਾ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਬਤੌਰ ਜਥੇਦਾਰ ਦੀ ਸੇਵਾ ਵਲਟੋਹਾ ਨੂੰ ਦੇਵੇ, ਤਾਂ ਜੋ ਉਹਨਾਂ ਨੇ ਜੋ ਕੁਝ ਕਰਾਉਣਾ ਹੋਵੇ, ਕਰਵਾ ਲੈਣ।