International

ਹਮਾਸ ਨੇ ਕਈ ਮਹੀਨਿਆਂ ਬਾਅਦ ਇਜ਼ਰਾਈਲ ਤੇ ਕੀਤਾ ‘ਵੱਡਾ ਮਿਸਾਈਲ’ ਹਮਲਾ

ਹਮਾਸ (Hamas) ਨੇ ਤੇਲ ਅਵੀਵ ਵੱਲ ਵੱਡਾ ਮਿਜ਼ਾਈਲ ਹਮਲਾ ਕੀਤਾ ਹੈ। ਖ਼ਬਰ ਏਜੰਸੀ ਰਾਇਟਰਜ਼ (Reuters) ਮੁਤਾਬਕ ਕਈ ਮਹੀਨਿਆਂ ਵਿੱਚ ਪਹਿਲੀ ਵਾਰ ਐਤਵਾਰ ਨੂੰ ਤੇਲ ਅਵੀਵ ਸਮੇਤ ਮੱਧ ਇਜ਼ਰਾਈਲ ਵਿੱਚ ਰਾਕੇਟ ਸਾਇਰਨ ਵੱਜਣ ਲੱਗੇ ਹਨ।

ਹਮਾਸ ਨੇ ਦਾਅਵਾ ਕੀਤਾ ਹੈ ਕਿ ਰਾਕੇਟ ਗਾਜ਼ਾ ਤੋਂ ਦਾਗੇ ਗਏ ਹਨ। ਹਮਾਸ ਦੇ ਹਥਿਆਰਬੰਦ ਵਿੰਗ, ਅਲ-ਕਸਾਮ ਬ੍ਰਿਗੇਡਜ਼ (Al-Qassam Brigades) ਨੇ ਤੇਲ ਅਵੀਵ ’ਤੇ ‘ਵੱਡੇ ਮਿਜ਼ਾਈਲ’ ਹਮਲੇ ਦਾ ਐਲਾਨ ਕੀਤਾ ਹੈ। ਰਿਪੋਰਟ ਦੇ ਅਨੁਸਾਰ ਇਜ਼ਰਾਈਲੀ ਫੌਜ ਨੇ ਆਉਣ ਵਾਲੇ ਰਾਕਟਾਂ ਦੀ ਚੇਤਾਵਨੀ ਦੇਣ ਲਈ ਕੇਂਦਰੀ ਸ਼ਹਿਰ ਵਿੱਚ ਸਾਇਰਨ ਵਜਾ ਕੇ ਜਵਾਬ ਦਿੱਤਾ ਹੈ।

ਆਪਣੇ ਟੈਲੀਗ੍ਰਾਮ ਚੈਨਲ ’ਤੇ ਇਕ ਬਿਆਨ ਵਿਚ, ਅਲ-ਕਸਾਮ ਬ੍ਰਿਗੇਡਜ਼ ਨੇ ਕਿਹਾ ਕਿ ਰਾਕੇਟ “ਨਾਗਰਿਕਾਂ ਦੇ ਵਿਰੁੱਧ ਜ਼ਿਆਨੀ ਕਤਲੇਆਮ” (Zionist massacres against civilians) ਦੇ ਜਵਾਬ ਵਿੱਚ ਲਾਂਚ ਕੀਤੇ ਗਏ ਸਨ। ਹਮਾਸ ਦੇ ਅਲ-ਅਵਸਾਹ ਟੀਵੀ ਨੇ ਪੁਸ਼ਟੀ ਕੀਤੀ ਹੈ ਕਿ ਰਾਕੇਟ ਗਾਜ਼ਾ ਪੱਟੀ ਤੋਂ ਲਾਂਚ ਕੀਤੇ ਗਏ ਸਨ।

ਇਹ ਘਟਨਾ ਚਾਰ ਮਹੀਨਿਆਂ ਵਿੱਚ ਪਹਿਲੀ ਵਾਰ ਹੈ ਜਦੋਂ ਤੇਲ ਅਵੀਵ ਵਿੱਚ ਰਾਕੇਟ ਸਾਇਰਨ ਸੁਣੇ ਗਏ ਸਨ। ਇਜ਼ਰਾਈਲੀ ਫੌਜ ਨੇ ਤੁਰੰਤ ਸਾਇਰਨ ਵਜਾਉਣ ਦਾ ਕਾਰਨ ਸਪੱਸ਼ਟ ਨਹੀਂ ਕੀਤਾ। ਇਜ਼ਰਾਈਲੀ ਐਮਰਜੈਂਸੀ ਮੈਡੀਕਲ ਸੇਵਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ।