ਬਿਉਰੋ ਰਿਪੋਰਟ: ਹਮਾਸ ਦੇ ਸਿਆਸੀ ਮੁਖੀ ਇਸਮਾਈਲ ਹਨੀਏ ਨੂੰ ਮਾਰ ਦਿੱਤਾ ਗਿਆ ਹੈ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਇਸ ਦੀ ਪੁਸ਼ਟੀ ਕੀਤੀ ਹੈ। ਆਈਆਰਜੀਸੀ ਨੇ ਬੁੱਧਵਾਰ ਸਵੇਰੇ ਕਿਹਾ ਕਿ ਹਮਲੇ ਨੇ ਤਹਿਰਾਨ ਵਿੱਚ ਹਨੀਏ ਦੇ ਘਰ ਨੂੰ 2 ਵਜੇ (ਭਾਰਤੀ ਸਮੇਂ ਅਨੁਸਾਰ ਸਵੇਰੇ 4 ਵਜੇ) ਨਿਸ਼ਾਨਾ ਬਣਾਇਆ। ਇਸ ਵਿੱਚ ਹਮਾਸ ਦੇ ਮੁਖੀ ਇਸਮਾਈਲ ਹਾਨੀਏ ਅਤੇ ਉਨ੍ਹਾਂ ਦਾ ਇੱਕ ਅੰਗ ਰੱਖਿਅਕ ਮਾਰਿਆ ਗਿਆ।
ਹਾਨੀਏ ਮੰਗਲਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਾਕੀਅਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਤਹਿਰਾਨ ਵਿੱਚ ਸਨ। ਹਮਾਸ ਨੇ ਵੀ ਹਾਨੀਏ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਹੁਣ ਤੱਕ ਇਜ਼ਰਾਈਲ ਨੇ ਇਸ ਮਾਮਲੇ ’ਤੇ ਕੋਈ ਬਿਆਨ ਨਹੀਂ ਦਿੱਤਾ ਹੈ। ਹਮਾਸ ਦੀ ਅਗਵਾਈ ਮਿਲਣ ਤੋਂ ਬਾਅਦ ਹਾਨੀਏ ਨੇ ਗਾਜ਼ਾ ਪੱਟੀ ਛੱਡ ਦਿੱਤੀ।
ਹਨੀਏ ਦੀ ਨਿਗਰਾਨੀ ’ਚ ਹਮਾਸ ਨੇ ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ’ਤੇ 75 ਸਾਲਾਂ ’ਚ ਸਭ ਤੋਂ ਵੱਡਾ ਹਮਲਾ ਕੀਤਾ ਸੀ। ਇਸ ਵਿੱਚ 1200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
ਟਾਈਮਜ਼ ਆਫ ਇਜ਼ਰਾਈਲ ਦੀ ਰਿਪੋਰਟ ਮੁਤਾਬਕ ਅਜੇ ਤੱਕ ਕਿਸੇ ਨੇ ਹਾਨੀਏ ਦੇ ਕਤਲ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ, ਈਰਾਨ ਦੇ ਸਰਕਾਰੀ ਚੈਨਲਾਂ ਨੇ ਇਜ਼ਰਾਈਲ ’ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਹਨ।