India Khetibadi Punjab

ਫਸਲਾਂ ਪੱਕਣ ਤੋਂ ਪਹਿਲਾਂ ਹੀ ਗੜੇਮਾਰੀ , ਕੇਂਦਰੀ ਮੰਤਰੀ ਨੇ ਕਿਹਾ ਨਹੀਂ ਹੋਇਆ ਬਹੁਤਾ ਨੁਕਸਾਨ , ਕਿਸਾਨ ਆਗੂ ਨੇ ਕੀਤੀ ਇਹ ਮੰਗ

Hailstorm before the crops are ripe, the Union Minister said that there was not much damage, the farmer leader made this demand.

‘ਦ ਖ਼ਾਲਸ ਬਿਊਰੋ  : ਪੂਰੇ ਉਤਰ ਭਾਰਤ ਸਮੇਤ ਦੇਸ਼ ਦੇ ਵੱਖ ਵੱਖ ਸੂਬਿਆਂ ‘ਚ ਬੀਤੇ ਦਿਨੀਂ ਭਾਰੀ ਬਾਰਸ਼ ਹੋਈ। ਇਸ ਬੇਮੌਸਮੀ ਬਾਰਿਸ਼ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੀਨੀਅਰ ਆਗੂ ਸੂਬਾ ਪ੍ਰਧਾਨ BKU ਏਕਤਾ ਸਿੱਧੂਪੁਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਲਗਾਤਾਰ ਕਈ ਫਸਲਾ ਉੱਪਰ ਪਈਆਂ ਕੁਦਰਤੀ ਮਾਰਾਂ ਅਤੇ ਸਰਕਾਰਾਂ ਦੀ ਕਿਸਾਨਾਂ ਪ੍ਰਤੀ ਬੇਰੁਖੀ ਕਰਕੇ ਕਿਸਾਨੀ ਦਾ ਲੱਕ ਟੁੱਟ ਚੁੱਕਾ ਹੈ ਅਤੇ 17 ਮਾਰਚ ਤੋਂ ਗਰਜ-ਚਮਕ ਕਾਰਨ ਹੋਈ ਭਾਰੀ ਬਰਸਾਤ ਅਤੇ ਗੜੇਮਾਰੀ ਕਰਕੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਬੁਰੀ ਤਰ੍ਹਾਂ ਡਿੱਗਣ ਅਤੇ ਪਾਣੀ ਖੜਨ ਕਰਕੇ ਨੁਕਸਾਨੀ ਗਈ ਹੈ ਜਿਸ ਦੀਆਂ ਪਟਿਆਲਾ,ਲੁਧਿਆਣਾ,ਸ਼੍ਰੀ ਮੁਕਤਸਰ ਸਾਹਿਬ,ਫਤਿਹਗੜ੍ਹ ਸਾਹਿਬ,ਫਿਰੋਜ਼ਪੁਰ, ਬਠਿੰਡਾ ਤਲਵੰਡੀ ਸਾਬੋ ਅਤੇ ਸਾਰੇ ਪੰਜਾਬ ਤੋਂ ਵੱਡੇ ਪੱਧਰ ਤੇ ਨੁਕਸਾਨ ਹੋਣ ਦੀਆਂ ਰਿਪੋਰਟਾਂ ਆ ਰਹੀਆਂ ਹਨ।

ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਸ ਸਮੇਂ ਪੱਕਣ ਦੇ ਕੰਢੇ ਖੜੀ ਫਸਲ ਉੱਪਰ ਹੋਈ ਇਸ ਬਰਸਾਤ ਤੇ ਗੜੇਮਾਰੀ ਨੇ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਆਰਥਿਕ ਪੱਖੋਂ ਬਿਲਕੁੱਲ ਹੀ ਤੋੜਨ ਦਾ ਕੰਮ ਕੀਤਾ ਹੈ। ਇਸ ਲਈ ਪੰਜਾਬ ਸਰਕਾਰ ਕਿਸਾਨਾਂ ਦੀ ਫਸਲਾ ਦੇ ਹੋਏ ਖਰਾਬੇ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕਰਕੇ ਗਿਰਦਾਵਰੀਆਂ ਕਰਵਾਏ ਅਤੇ ਫਸਲਾ ਦੇ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ।

ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਹੈ ਕਿ ਬੇਮੌਸਮੀ ਬਾਰਸ਼ ਅਤੇ ਗੜਿਆਂ ਨੇ ਹਾੜ੍ਹੀ ਦੀਆਂ ਫਸਲਾਂ ਨੂੰ ਬਹੁਤਾ ਨੁਕਸਾਨ ਨਹੀਂ ਕੀਤਾ ਪਰ ਰਾਜਾਂ ਤੋਂ ਪੂਰੀਆਂ ਰਿਪੋਰਟਾਂ ਆਉਣੀਆਂ ਹਨ। ਸੋਮਵਾਰ ਨੂੰ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਸਰ੍ਹੋਂ ਅਤੇ ਛੋਲਿਆਂ ਦੀ ਫਸਲ ਬਾਰੇ ਕੋਈ ਚਿੰਤਾ ਨਹੀਂ ਹੈ ਕਿਉਂਕਿ ਇਸ ਦੀ ਜ਼ਿਆਦਾਤਰ ਕਟਾਈ ਹੋ ਚੁੱਕੀ ਹੈ। ਸਰਕਾਰ ਨੇ 2022-23 ਫਸਲੀ ਸਾਲ (ਜੁਲਾਈ-ਜੂਨ) ਲਈ 11.22 ਲੱਖ ਟਨ ਕਣਕ ਦੀ ਰਿਕਾਰਡ ਪੈਦਾਵਾਰ ਦਾ ਅਨੁਮਾਨ ਲਗਾਇਆ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਝਾਰਖੰਡ, ਬਿਹਾਰ, ਉੱਤਰਾਖੰਡ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਵਾਢੀ ਅੱਗੇ ਪਾਉਣ ਦੀ ਸਲਾਹ ਦਿੱਤੀ ਹੈ।

ਦੂਜੇ ਪਾਸੇ ਹੁਣ ਕਈ ਦਿਨਾਂ ਤੋਂ ਬਾਅਦ ਇਸ ਮਾਮਲੇ ਵਿੱਚ ਪੰਜਾਬ ਸਰਕਾਰ (Punjab government) ਦਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਫਸਲਾ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਿਰਦਾਵਰੀ ਦੇ ਹੁਕਮ ਜਾਰੀ  ਕੀਤੇ ਹਨ। ਇੰਨਾ ਹੀ ਨਹੀ ਸੀਐੱਮ ਮਾਨ ਨੇ ਸਪਸ਼ਟ ਕਿਹਾ ਹੈ ਕਿ ਉਹ ਅੰਨਦਾਤੇ ਨਾਲ ਖੜ੍ਹੇ ਹਨ ਅਤੇ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਣ ਦੇਣਗੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਅਕਾਉਂਟ ਤੇ ਟਵੀਟ ਕਰਦਿਆਂ ਕਿਹਾ ਹੈ ਕਿ’ ਪਿਛਲੇ ਤਿੰਨ ਦਿਨਾਂ ਵਿੱਚ ਪੰਜਾਬ ਦੇ ਕਈ ਇਲਾਕਿਆਂ ਵਿੱਚ ਪਏ ਮੀਂਹ ਕਰਕੇ ਕਿਸਾਨਾਂ ਦੀ ਖੇਤਾਂ ਵਿੱਚ ਤਿਆਰ ਖੜ੍ਹੀ ਕਣਕ ਦੀ ਫਸਲ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ, ਜਿਸ ਕਰਕੇ ਅਫਸਰਾਂ ਨੂੰ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ ਤੇ ਅੰਨਦਾਤੇ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦਿਆਂਗੇ।’