ਪੰਜਾਬ ਵਿਚ ਬੇਮੌਸਮੇ ਮੀਂਹ ਤੇ ਤੇਜ਼ ਹਵਾਵਾਂ ਨਾਲ ਹੋਈ ਗੜੇਮਾਰੀ ਨੇ ਫਸਲਾਂ ਨੂੰ ਝੰਬ ਕੇ ਰੱਖ ਦਿੱਤਾ ਹੈ। ਬਠਿੰਡਾ ਤੇ ਮੋਗਾ ਜ਼ਿਲ੍ਹੇ ਦੇ ਬਾਹਰੀ ਇਲਾਕੇ ਵਿਚ ਵਾਵਰੋਲੇ ਨੇ ਤਬਾਹੀ ਮਚਾ ਦਿੱਤੀ ਹੈ। ਇਸੇ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਭਗਤਾ ਭਾਈ ’ਚ ਝੱਖੜ ਦੀ ਲਪੇਟ ਵਿਚ ਆਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ 9 ਵਿਅਕਤੀ ਜ਼ਖ਼ਮੀ ਹੋ ਗਏ।
ਦੂਜੇ ਪਾਸੇ ਸੂਬੇ ਦੇ ਅੰਮ੍ਰਿਤਸਰ, ਬਠਿੰਡਾ, ਮੁਕੇਰੀਆ, ਜਲੰਧਰ ਤੇ ਹੋਰਨਾਂ ਇਲਾਕਿਆਂ ਵਿੱਚ ਵੀ ਤੇਜ਼ ਹਵਾਵਾਂ ਤੋਂ ਇਲਾਵਾ ਗੜਿਆਂ ਨੇ ਪੱਕਣ ਨੇੜੇ ਪਹੁੰਚੀ ਕਣਕ ਦੀ ਫਸਲ ਖੇਤਾਂ ’ਚ ਵਿਛਾ ਦਿੱਤੀ ਹੈ। ਉਧਰ ਮੌਸਮ ਵਿਭਾਗ ਵੱਲੋਂ 3 ਮਾਰਚ ਦੁਪਹਿਰ ਤੱਕ ਪੰਜਾਬ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ, ਜਿਸ ਨੇ ਕਿਸਾਨਾਂ ਦੇ ਫ਼ਿਕਰ ਵਧਾ ਦਿੱਤੇ ਹਨ।
ਪੰਜਾਬ ਵਿੱਚ ਲੰਘੀ ਰਾਤ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਕਰ ਕੇ ਕਣਕ ਦੇ ਨਾਲ-ਨਾਲ ਸਬਜ਼ੀਆਂ ਦੀ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਸੂਬਾ ਸਰਕਾਰ ਤੋਂ ਫ਼ਸਲਾਂ ਦੇ ਖਰਾਬੇ ਲਈ ਗਿਰਦਾਵਰੀ ਤੱਕ ਕਰਵਾਉਣ ਦੀ ਮੰਗ ਕੀਤੀ ਹੈ। ਜਦਕਿ ਖੇਤੀਬਾੜੀ ਵਿਭਾਗ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਨੁਕਸਾਨ ਦੀਆਂ ਰਿਪੋਰਟਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਤੜਕੇ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 9 ਐੱਮਐੱਮ, ਅੰਮ੍ਰਿਤਸਰ ਵਿੱਚ 13.3 ਐੱਮਐੱਮ, ਲੁਧਿਆਣਾ ਵਿੱਚ 8.2 ਐੱਮਐੱਮ, ਪਟਿਆਲਾ ਵਿੱਚ 8.3 ਐੱਮਐੱਮ, ਪਠਾਨਕੋਟ ਵਿੱਚ 4.4 ਐੱਮਐੱਮ, ਗੁਰਦਾਸਪੁਰ ਵਿੱਚ 6 ਐੱਮਐੱਮ, ਨਵਾਂਸ਼ਹਿਰ ਵਿੱਚ 6.6 ਐੱਮਐੱਮ, ਫਤਹਿਗੜ੍ਹ ਸਾਹਿਬ ਵਿੱਚ 7.5 ਐੱਮਐੱਮ, ਫਿਰੋਜ਼ਪੁਰ ਵਿੱਚ 4 ਐੱਮਐੱਮ, ਜਲੰਧਰ ਵਿੱਚ 19 ਐੱਮਐੱਮ, ਮੋਗਾ ਵਿੱਚ 2 ਐੱਮਐੱਮ, ਰੋਪੜ ਵਿੱਚ 5 ਐੱਮਐੱਮ ਮੀਂਹ ਪਿਆ ਹੈ।