‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ ਨੇ ਸਿਹਤ ਠੀਕ ਨਾ ਹੋਣ ਕਾਰਨ ਸੇਵਾ ਤੋਂ ਅਸਰੱਥਤਾ ਪ੍ਰਗਟਾਉਂਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਉਹ ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਨਿਯੁਕਤ ਹੋਣ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਚ ਹੈੱਡ ਗ੍ਰੰਥੀ ਰਹਿ ਚੁੱਕੇ ਹਨ। ਗਿਆਨੀ ਮਾਨ ਸਿੰਘ ਨੇ ਆਪਣੇ ਅਸਤੀਫੇ ਦੇ ਨਾਲ ਸਿਹਤ ਨਾ ਠੀਕ ਹੋਣ ਦੀਆਂ ਮੈਡੀਕਲ ਰਿਪੋਰਟਾਂ ਵੀ ਨੱਥੀ ਕੀਤੀਆਂ ਹਨ। ਆਪਣੇ ਅਸਤੀਫੇ ਵਿਚ ਗਿਆਨੀ ਮਾਨ ਸਿੰਘ ਨੇ ਸਿਹਤ ਨਾ ਠੀਕ ਹੋਣ ਕਾਰਨ ਡਿਊਟੀ ਨੂੰ ਸਹੀ ਢੰਗ ਨਾਲ ਨਾ ਨਿਭਾਉਣ ਦਾ ਹਵਾਲਾ ਦਿੱਤਾ ਹੈ।
ਜਾਣਕਾਰੀ ਮੁਤਾਬਕ ਸ੍ਰੀ ਦਰਬਾਰ ਸਾਹਿਬ ਦੇ ਮੌਜੂਦਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਜਿਨ੍ਹਾਂ ਦੀ ਸੇਵਾਮੁਕਤੀ ਬੀਤੇ ਵਰ੍ਹੇ ਹੋਣੀ ਸੀ ਪਰ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦੀ ਸੇਵਾ ਮੁਕਤੀ ਅਗਲੇ ਹੁਕਮਾਂ ਤੱਕ ਟਾਲ ਦਿੱਤੀ ਸੀ ਅਤੇ ਉਹਨਾਂ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਦਾ ਨਾਮ ਸ੍ਰੀ ਦਰਬਾਰ ਸਾਹਿਬ ਜੀ ਦੇ ਹੈਡ ਗ੍ਰੰਥੀ ਦੀ ਪਦਵੀ ਲਈ ਪੰਥਕ ਗਲਿਆਰਿਆਂ ਵਿੱਚ ਘੁੰਮ ਰਿਹਾ ਸੀ। ਗਿਆਨੀ ਮਾਨ ਸਿੰਘ ਦੀ ਉਮਰ ਤਕਰੀਬਨ 52 ਵਰ੍ਹੇ ਹੈ ਅਤੇ ਉਨ੍ਹਾਂ ਦੀ ਤਕਰੀਬਨ ਛੇ ਸਾਲ ਸੇਵਾਵਾਂ ਬਾਕੀ ਹਨ।