India Punjab

ਗੁਰੂ ਘਰ ਸਾਰਿਆਂ ਲਈ ਖੁੱਲ੍ਹਾ, ਕੋਈ ਵੀ ਅਦਾ ਕਰੇ ਨਮਾਜ਼

‘ਦ ਖ਼ਾਲਸ ਟੀਵੀ ਬਿਊਰੋ:- ਗੁਰੂਗ੍ਰਾਮ ਦੇ ਸਦਰ ਬਾਜ਼ਾਰ ਦੇ ਗੁਰਦੁਆਰਾ ਐਸੋਸੀਏਸ਼ਨ ਨੇ ਜਨਤਕ ਅਤੇ ਖੁੱਲ੍ਹੇ ਸਥਾਨਾਂ ‘ਤੇ ਨਮਾਜ਼ ਦੀ ਪੇਸ਼ਕਸ਼ ‘ਤੇ ਇਤਰਾਜ਼ਾਂ ਦੇ ਬਾਅਦ ਕੱਲ੍ਹ ਦੀ ਨਮਾਜ਼ ਲਈ ਆਪਣੇ ਅਹਾਤੇ ਦੀ ਪੇਸ਼ਕਸ਼ ਕਰਨ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਿਕ ਗੁਰਦੁਆਰੇ ਦੇ ਪ੍ਰਧਾਨ ਸ਼ੇਰਦਿਲ ਸਿੰਘ ਸਿੱਧੂ ਨੇ ਕਿਹਾ ਹੈ ਕਿ ਇਹ ‘ਗੁਰੂ ਘਰ’ ਹੈ, ਬਿਨਾਂ ਕਿਸੇ ਭੇਦਭਾਵ ਦੇ ਸਾਰੇ ਭਾਈਚਾਰਿਆਂ ਲਈ ਖੁੱਲ੍ਹਾ ਹੈ। ਇੱਥੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਜੋ ‘ਜੁਮੇ ਕੀ ਨਮਾਜ਼’ ਪੜ੍ਹਨਾ ਚਾਹੁੰਦੇ ਹਨ, ਬੇਸਮੈਂਟ ਹੁਣ ਮੁਸਲਮਾਨ ਭਰਾਵਾਂ ਲਈ ਖੁੱਲ੍ਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਖੁੱਲ੍ਹੀ ਥਾਂ ਉੱਤੇ ਨਮਾਜ਼ ਅਦਾ ਕਰਨਾ ਚਾਹੁੰਦਾ ਹੈ ਤਾਂ ਮੁਸਲਮਾਨਾਂ ਨੂੰ ਇਸਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਸਾਨੂੰ ਅਜਿਹੇ ਮਾਮੂਲੀ ਮੁੱਦਿਆਂ ‘ਤੇ ਨਹੀਂ ਲੜਨਾ ਚਾਹੀਦਾ। ਜਿਹੜੇ ਲੋਕ ਖੁੱਲ੍ਹੇ ਵਿਚ ਨਮਾਜ਼ ਅਦਾ ਕਰ ਰਹੇ ਸਨ, ਉਨ੍ਹਾਂ ਨੇ ਪ੍ਰਸ਼ਾਸਨ ਦੀ ਇਜਾਜ਼ਤ ਮੰਗੀ ਸੀ ਅਤੇ ਜਿਨ੍ਹਾਂ ਨੂੰ ਸਮੱਸਿਆ ਸੀ, ਉਨ੍ਹਾਂ ‘ਤੇ ਹਮਲਾ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਕੋਲ ਜਾਣਾ ਚਾਹੀਦਾ ਸੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ, ਗੁਰੂਗ੍ਰਾਮ ਪ੍ਰਸ਼ਾਸਨ ਨੇ 37 ਚੁਣੀਆਂ ਹੋਈਆਂ ਥਾਵਾਂ ‘ਚੋਂ ਅੱਠ ‘ਤੇ ਨਮਾਜ਼ ਅਦਾ ਕਰਨ ਦੀ ਇਜਾਜ਼ਤ ਵਾਪਸ ਲੈ ਲਈ ਸੀ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰਤ ਬਿਆਨ ਦੇ ਅਨੁਸਾਰ, ਸਥਾਨਕ ਲੋਕਾਂ ਅਤੇ ਆਰਡਬਲਯੂਏ ਦੇ ਇਤਰਾਜ਼ ਤੋਂ ਬਾਅਦ ਇਜਾਜ਼ਤ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ‘ਤੇ, ਗੁਰੂਗ੍ਰਾਮ ਦੇ ਵਸਨੀਕਾਂ ਨੇ ਜਨਤਕ ਮੈਦਾਨ ‘ਤੇ ਸ਼ੁੱਕਰਵਾਰ ਦੀ ਨਮਾਜ਼ ਵਿਰੁੱਧ ਸ਼ਿਕਾਇਤ ਕੀਤੀ ਸੀ ਅਤੇ ਪ੍ਰਦਰਸ਼ਨ ਕੀਤਾ ਸੀ।