ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 18 ਸਾਲਾ ਗੁਰਸਿੱਖ ਬੱਚੀ ਗੁਰਸ਼ਰਨ ਕੌਰ ਬੰਡਾਲਾ ਨੂੰ ਉਸ ਦੇ ਵਿਲੱਖਣ ਰਿਕਾਰਡ ਲਈ ਸਨਮਾਨਿਤ ਕੀਤਾ। ਗੁਰਸ਼ਰਨ ਨੇ ਡੇਢ ਮਿੰਟ ਵਿੱਚ ਅੱਠ ਕਵਿਤਾਵਾਂ ਲਿਖ ਕੇ ਇੰਡੀਆ ਬੁੱਕ ਆਫ਼ ਰਿਕਾਰਡਸ ਵਿੱਚ ਨਾਂ ਦਰਜ ਕਰਵਾਇਆ ਹੈ ਅਤੇ ਉਹ ਦੁਨੀਆਂ ਵਿੱਚ ਅਜਿਹਾ ਕਰਨ ਵਾਲੀ ਪਹਿਲੀ ਗੁਰਸਿੱਖ ਤੇ ਦਸਤਾਰਧਾਰੀ ਬੱਚੀ ਹੈ।
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਇਸ ਸਨਮਾਨ ਸਮਾਗਮ ਵਿੱਚ ਜਥੇਦਾਰ ਨੇ ਉਸ ਨੂੰ ਸਿਰੋਪਾਓ ਅਤੇ ਸ੍ਰੀ ਸਾਹਿਬ ਨਾਲ ਸਨਮਾਨਿਤ ਕੀਤਾ। ਗੁਰਸ਼ਰਨ ਨੇ ਵੀ ਆਪਣੀ ਲਿਖੀ ਕਵਿਤਾਵਾਂ ਦੀ ਪੁਸਤਕ ਜਥੇਦਾਰ ਨੂੰ ਭੇਟ ਕੀਤੀ।ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮੌਕੇ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਅੰਮ੍ਰਿਤਮਈ ਗੁਰਬਾਣੀ ਵਿੱਚ ਬੀਬੀਆਂ ਅਤੇ ਭੈਣਾਂ ਦੇ ਹੱਕਾਂ ਦੀ ਗੱਲ ਕੀਤੀ ਹੈ। ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਦੀ ਸੇਵਾ ਦਾ ਵੀ ਗੁਰਬਾਣੀ ਵਿੱਚ ਜ਼ਿਕਰ ਹੈ।
ਸਿੱਖ ਇਤਿਹਾਸ ਵਿੱਚ ਵੀ ਬੀਬੀਆਂ ਦਾ ਵਿਸ਼ੇਸ਼ ਯੋਗਦਾਨ ਰਹਿਆ ਹੈ। ਅੱਜ ਵੀ ਗੁਰਸਿੱਖ ਧੀਆਂ ਗੁਰੂ ਸਾਹਿਬਾਨ ਦੇ ਸਿਧਾਂਤਾਂ ‘ਤੇ ਚੱਲਦਿਆਂ ਆਪਣੀ ਸਿੱਖ ਪਛਾਣ ਨੂੰ ਕਾਇਮ ਰੱਖਦੀਆਂ ਹਨ ਅਤੇ ਵੱਖ-ਵੱਖ ਖੇਤਰਾਂ ਵਿੱਚ ਸਿੱਖੀ ਦੀ ਸ਼ਾਨ ਵਧਾਉਂਦੀਆਂ ਹਨ।ਉਨ੍ਹਾਂ ਨੇ ਗੁਰਸ਼ਰਨ ਕੌਰ ਨੂੰ ਉਸ ਦੇ ਰਿਕਾਰਡ ਲਈ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਇਹ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੈ। ਗੁਰਸਿੱਖ ਧੀ ਹੋਣ ਦੇ ਨਾਤੇ ਉਸ ਨੂੰ ਹੌਸਲਾ ਵਧਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਹੈ।
ਜਥੇਦਾਰ ਨੇ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਕਿ ਅਕਾਲ ਪੁਰਖ ਇਸ ਬੱਚੀ ਨੂੰ ਹੋਰ ਤਰੱਕੀਆਂ ਬਖ਼ਸ਼ੇ ਅਤੇ ਹੋਰ ਗੁਰਸਿੱਖ ਧੀਆਂ ਵੀ ਪ੍ਰੇਰਣਾ ਲੈ ਕੇ ਆਪਣੇ ਖੇਤਰਾਂ ਵਿੱਚ ਅੱਗੇ ਵਧਣ ਅਤੇ ਸਿੱਖੀ ਦਾ ਨਾਮ ਰੋਸ਼ਨ ਕਰਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਭਾਵੇਂ ਗੁਰਸ਼ਰਨ ਦੇ ਸਿਰ ਉੱਤੇ ਮਾਪਿਆਂ ਦਾ ਹੱਥ ਨਹੀਂ ਹੈ, ਪਰ ਅਕਾਲ ਪੁਰਖ ਦੇ ਓਟ ਆਸਰੇ ਉਹ ਵੱਡੀਆਂ ਪੁਲਾਂਘਾਂ ਪੁੱਟ ਰਹੀ ਹੈ। ਇਹ ਸਨਮਾਨ ਸਿੱਖੀ ਵਿੱਚ ਨੌਜਵਾਨਾਂ, ਖਾਸ ਕਰਕੇ ਧੀਆਂ ਨੂੰ ਉਤਸ਼ਾਹਿਤ ਕਰਨ ਵਾਲਾ ਕਦਮ ਹੈ।