Punjab

ਨਾਭਾ ਜੇਲ੍ਹ ਤੋਂ ਬਾਹਰ ਆਇਆ ਗੁਰਪ੍ਰੀਤ ਸਿੰਘ ਸੇਖੋਂ, ਲੰਘੇ ਕੱਲ੍ਹ ਹਾਈਕੋਰਟ ਨੇ ਰਿਹਾਅ ਕਰਨ ਦੇ ਦਿੱਤੇ ਸੀ ਹੁਕਮ

ਗੈਂਗਸਟਰ ਤੋਂ ਸਮਾਜ ਸੇਵੀ ਬਣੇ ਗੁਰਪ੍ਰੀਤ ਸਿੰਘ ਸੇਖੋਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਲੰਘੇ ਕੱਲ੍ਹ ਹਾਈ ਕੋਰਟ ਨੇ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ, ਜਿਸ ਤੋਂ ਬਾਅਦ ਅੱਜ ਉਹ ਨਾਭਾ ਜੇਲ੍ਹ ਤੋਂ ਬਾਹਰ ਆ ਗਏ ਹਨ।

ਸੇਖੋਂ ਦਾ ਕੇਸ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਵੱਲੋਂ ਲੜਿਆ ਗਿਆ ਸੀ। ਹਾਈ ਕੋਰਟ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਸਬੰਧਤ ਐਸਐਚਓ ਨੂੰ ਨਿਰਦੇਸ਼ ਦਿੱਤੇ ਕਿ ਸੇਖੋਂ ਦੇ ਬੇਲ ਬੌਂਡ ਲੈ ਕੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਅਕਾਲੀ ਲੀਡਰ ਅਰਸ਼ਦੀਪ ਕਲੇਰ ਨੇ ਕਿਹਾ ਕਿ ਪੰਜਾਬ ਵਿੱਚ ਜ਼ੁਲਮ ਦਾ ਸ਼ਿਕਾਰ ਹਰ ਵਿਅਕਤੀ ਨਾਲ ਅਕਾਲੀ ਦਲ ਚੱਟਾਨ ਵਾਂਗ ਖੜ੍ਹਾ ਹੈ।

ਗੁਰਪ੍ਰੀਤ ਸਿੰਘ ਸੇਖੋਂ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਖੁੱਲ੍ਹਾ ਸਮਰਥਨ ਹਾਸਲ ਹੈ। ਉਨ੍ਹਾਂ ਦੀਆਂ ਦੋ ਧਰਮ ਪਤਨੀਆਂ ਵੀ ਚੋਣ ਮੈਦਾਨ ਵਿੱਚ ਹਨ। ਇੱਕ ਜ਼ਿਲ੍ਹਾ ਪਰਿਸ਼ਦ ਜ਼ੋਨ ਤੋਂ ਅਤੇ ਦੂਜੀ ਬਲਾਕ ਕਮੇਟੀ ਚੋਣ ਤੋਂ ਉਮੀਦਵਾਰ ਹਨ।

ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਧਮਕਾਉਣ ਦੇ ਇਲਜ਼ਾਮ ਤਹਿਤ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਧਾਰਾ 7/51 ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਗ੍ਰਿਫ਼ਤਾਰ ਕਰ ਲਿਆ ਸੀ। ਇਸ ਗ੍ਰਿਫਤਾਰੀ ਨੇ ਹਲਕੇ ਵਿੱਚ ਰਾਜਨੀਤਿਕ ਮਾਹੌਲ ਨੂੰ ਹੋਰ ਗਰਮ ਕਰ ਦਿੱਤਾ ਸੀ।

ਗ੍ਰਿਫਤਾਰੀ ਤੋਂ ਬਾਅਦ ਸੇਖੋਂ ਦੇ ਸੈਂਕੜੇ ਸਮਰਥਕਾਂ ਨੇ ਕੁਲਗੜ੍ਹੀ ਥਾਣੇ ਅੱਗੇ ਇਕੱਠੇ ਹੋ ਕੇ ਫਿਰੋਜ਼ਪੁਰ-ਲੁਧਿਆਣਾ ਹਾਈਵੇਅ ਉੱਤੇ ਧਰਨਾ ਲਾਇਆ ਅਤੇ ਪੁਲਿਸ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਮਰਥਕਾਂ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਸੇਖੋਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਧਰਨਾ ਨਹੀਂ ਚੁੱਕਿਆ ਜਾਵੇਗਾ।

ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਜਿੰਦੂ ਨੇ ਇਸ ਨੂੰ ਸਰਕਾਰ ਦੀ ਬਦਲਾਖੋਰੀ ਕਰਾਰ ਦਿੱਤਾ ਅਤੇ ਕਿਹਾ ਕਿ ਮੌਜੂਦਾ ਵਿਧਾਇਕ ਨੇ ਆਪਣੀ ਹਾਰ ਮੰਨ ਲਈ ਹੈ, ਇਸੇ ਕਰਕੇ ਬੌਖਲਾਹਟ ਵਿੱਚ ਅਜਿਹੇ ਕਦਮ ਚੁੱਕੇ ਜਾ ਰਹੇ ਹਨ। ਸੇਖੋਂ ਦੀ ਰਿਹਾਈ ਨਾਲ ਹਲਕੇ ਵਿੱਚ ਚੋਣ ਮੁਕਾਬਲਾ ਹੋਰ ਰੋਚਕ ਹੋ ਗਿਆ ਹੈ।