Punjab

ਗੁਰਪ੍ਰੀਤ ਰੰਧਾਵਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀਆਂ ਘਟਨਾਵਾਂ ‘ਤੇ ਪ੍ਰਗਟਾਈ ਚਿੰਤਾ

ਖਾਲਸ ਬਿਊਰੋ:ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਪਿਛਲੇ ਕੁਝ ਦਿਨਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋ ਰਹੀਆਂ ਮੰਦਭਾਗੀਆਂ ਘਟਨਾਵਾਂ ਉੱਤੇ ਚਿੰਤਾ ਪ੍ਰਗਟ ਕਰਦਿਆਂ ਸੰਗਤ ਨੂੰ ਕੁਝ ਬੇਨਤੀਆਂ ਕੀਤੀਆਂ ਹਨ। ਰੰਧਾਵਾ ਨੇ ਪਿਛਲੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਬਜ਼ੁਰਗ ਦੇ ਨਾਲ ਹੋਈ ਘਟਨਾ ਮਾਮਲੇ ਵਿੱਚ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸੰਗਤ ਨੂੰ ਕੀਤੀਆਂ ਕੁਝ ਜ਼ਰੂਰੀ ਬੇਨਤੀਆਂ

ਉਨ੍ਹਾਂ ਨੇ ਸੰਗਤ ਨੂੰ ਬੇਨਤੀ ਕਰਦਿਆਂ ਕਿਹਾ ਕਿ ਸੰਗਤ ਸੇਵਾ ਕਰਨ ਵੇਲੇ ਆਪਣੇ ਸੁਭਾਅ ਵਿੱਚ ਨਿਮਰਤਾ ਜ਼ਰੂਰ ਰੱਖੇ। ਉਨ੍ਹਾਂ ਨੇ ਕਿਹਾ ਕਿ ਸੇਵਾ ਉੱਤੇ ਕਿਸੇ ਦਾ ਕਬਜ਼ਾ ਨਹੀਂ ਹੋ ਸਕਦਾ। ਸ੍ਰੀ ਹਰਿਮੰਦਰ ਸਾਹਿਬ ਵਿਖੇ ਕੋਈ ਵੀ ਜਗ੍ਹਾ ਕਿਸੇ ਦੀ ਪੱਕੀ ਨਹੀਂ ਹੈ, ਕੋਈ ਕਿਸੇ ਵੀ ਜਗ੍ਹਾ ਉੱਤੇ ਬੈਠ ਕੇ ਕੀਰਤਨ, ਪਾਠ ਸੁਣ ਸਕਦਾ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉੱਤੇ ਅਸਿੱਧੇ ਤੌਰ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਇੱਕ ਨਲਾਇਕੀ ਲੀਡਰਸ਼ਿਪ ਦੀ ਵਜ੍ਹਾ ਕਰਕੇ ਵਿਵਾਦਾਂ ਵਿੱਚ ਘਿਰ ਜਾਂਦੀ ਹੈ।

ਦਰਅਸਲ, ਪਿਛਲੇ ਦਿਨੀਂ SGPC ਦੇ ਮੁਲਾਜ਼ਮਾਂ ਵੱਲੋਂ ਇੱਕ ਅੰਮ੍ਰਿਤਧਾਰੀ ਸਿੱਖ ਬਜ਼ੁਰਗ ਨਾਲ ਖਿੱਚ ਧੂਹ ਕੀਤੀ ਗਈ ਸੀ। ਜਦੋਂ ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੁਖਾਸਨ ਲਈ ਸ੍ਰੀ ਅਕਾਲ ਤਖ਼ਤ ਲਿਜਾਇਆ ਜਾਂਦਾ ਹੈ, ਉਸ ਵੇਲੇ ਬਜ਼ੁਰਗ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਾਣ ਵਾਲੀ ਪੋੜੀਆਂ ‘ਤੇ ਬੈਠੇ ਹੋਏ ਸੀ। SGPC ਦੇ 4 ਤੋਂ 5 ਸੇਵਾਦਾਰ ਉਨ੍ਹਾਂ ਨੂੰ ਬਾਹ ਤੋਂ ਫੜ ਕੇ ਬੁਰੀ ਤਰ੍ਹਾਂ ਨਾਲ ਘਸੀਟ ਕੇ ਜੰਗਲੇ ਦੇ ਦੂਜੇ ਪਾਸੇ ਕਰ ਦਿੰਦੇ ਹਨ। ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਦੋ ਸੇਵਾਦਾਰਾਂ ਨੂੰ ਮੁਅੱਤਲ ਕਰ ਦਿੱਤਾ ਹੈ।

 

ਰੰਧਾਵਾ ਨੇ ਗੁਰਦੁਆਰਾ ਨਾਡਾ ਸਾਹਿਬ ਦੀ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਸਟੂਲ ਉੱਤੇ ਬੈਠ ਕੇ ਕੀਰਤਨ, ਬਾਣੀ ਨਾ ਸੁਣਨ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸੰਗਤ ਨੂੰ ਗੋਡਿਆਂ ਦੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਦਰਬਾਰ ਹਾਲ ਵਿੱਚ ਮੱਥਾ ਟੇਕਣ ਤੋਂ ਬਾਅਦ ਬਾਹਰ ਆ ਕੇ ਬਾਣੀ ਸੁਣ ਲਵੇ।

ਰੰਧਾਵਾ ਨੇ ਪਿਛਲੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਇੱਕ ਵਿਅਕਤੀ ਨੂੰ ਟਾਈਟਲਰ ਦੀਆਂ ਤਸਵੀਰਾਂ ਵਾਲੀ ਟੀ-ਸ਼ਰਟ ਪਾ ਕੇ ਫੋਟੋ ਖਿਚਵਾਉਣ ਦੀ ਲਾਹਨਤ ਪਾਉਂਦਿਆਂ ਕਿਹਾ ਕਿ ਉਸਦੀ ਮਾਂ ਨੂੰ ਲਾਹਨਤ ਪਈ ਹੈ, ਜੋ 1984 ਕਤਲੇਆਮ ਦਾ ਮੁੱਖ ਦੋਸ਼ੀ ਸੀ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਕਤ ਵਿਅਕਤੀ ਦੀ ਸਿਕਿਓਰਿਟੀ ਵਾਪਸ ਲੈਣ ਦੀ ਮੰਗ ਵੀ ਕੀਤੀ ਸੀ।