ਬਿਉਰੋ ਰਿਪੋਰਟ : ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਵੀਡੀਓ ਦੇ ਜ਼ਰੀਏ ਏਅਰ ਇੰਡੀਆਂ ਫਲਾਈਟਾਂ ਨੂੰ ਲੈਕੇ ਦਿੱਤੀ ਨਵੀਂ ਧਮਕੀ ‘ਤੇ ਭਾਰਤ ਅਤੇ ਕੈਨੇਡਾ ਦੀਆਂ ਦੋਵੇ ਸਰਕਾਰਾਂ ਅਲਰਟ ਹੋ ਗਈਆਂ ਹਨ ਅਤੇ ਦੋਵਾਂ ਦੇ ਬਿਆਨ ਵੀ ਸਾਹਮਣੇ ਆਏ ਹਨ ।
ਪੰਨੂ ਨੇ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਉਹ 19 ਨਵੰਬਰ ਨੂੰ ਏਅਰ ਇੰਡੀਆ ਦੀਆਂ ਫਲਾਈਟਾਂ ਨੂੰ ਠੱਪ ਕਰ ਦੇਵੇਗਾ । 4 ਨਵੰਬਰ ਨੂੰ ਸੋਸ਼ਲ ਮੀਡੀਆ ‘ਤੇ ਗੁਰਪਤਵੰਤ ਪੰਨੂ ਨੇ ਇਹ ਚਿਤਾਵਨੀ ਦਿੱਤੀ ਸੀ । 19 ਨਵੰਬਰ ਨੂੰ ਕ੍ਰਿਕਟ ਵਰਲਡ ਕੱਪ 2023 ਦਾ ਫਾਈਨਲ ਮੈਚ ਹੋਵੇਗਾ । ਭਾਰਤ ਇਸ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਦਾ ਜ਼ਿਕਰ ਵੀ ਪੰਨੂ ਨੇ ਆਪਣੇ ਚਿਤਾਵਨੀ ਵਾਲੇ ਵੀਡੀਓ ਵਿੱਚ ਕੀਤਾ ਸੀ ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦਾ ਬਿਆਨ
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗ਼ਚੀ ਨੇ ਗੁਰਪਤਵੰਤ ਸਿੰਘ ਪੰਨੂ ਦੇ ਬਿਆਨ ‘ਤੇ ਕਿਹਾ ਕਿ ਭਾਰਤ ਵੱਲੋਂ ਸੁਰੱਖਿਆ ਦੇ ਪੂਰੇ ਇੰਤਜ਼ਾਮ ਹਨ । ਅਸੀਂ ਵਿਦੇਸ਼ ਵਿੱਚ ਬੈਠੇ ਅਜਿਹੇ ਤੱਤਾਂ ਵੱਲੋਂ ਦਿੱਤੀ ਜਾ ਰਹੀ ਧਮਕੀ ਦੀ ਨਿੰਦਾ ਕਰਦੇ ਹਾਂ । ਅਸੀਂ ਅਮਰੀਕਾ ਸਰਕਾਰ ਨੂੰ ਕਹਿੰਦੇ ਹਾਂ ਅਜਿਹੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਅਤੇ ਆਪਣੇ ਦੇਸ਼ ਵਿੱਚ ਇੰਨਾਂ ਨੂੰ ਥਾਂ ਨਾ ਦਿੱਤੀ ਜਾਵੇ । ਪੰਨੂ ਵਰਗੇ ਲੋਕ ਸਾਡੀ ਲੀਡਰਸ਼ਿਪ ਅਤੇ ਕੂਟਨੀਤਕਾਂ ਨੂੰ ਹਿੰਸਾ ਅਤੇ ਖ਼ਤਰਾ ਪਹੁੰਚਾਉਂਦੇ ਹਨ ।
ਕੈਨੇਡਾ ਦਾ ਜਵਾਬ
ਕੈਨੇਡਾ ਦੇ ਟਰਾਂਸਪੋਰਟ ਮੰਤਰੀ ਪਾਬਲੋ ਰੋਡਰਿਗਜ਼ ਨੇ ਕਿਹਾ ਦੇਸ਼ ਦੀ ਫ਼ੈਡਰਲ ਪੁਲਿਸ 19 ਨਵੰਬਰ ਨੂੰ ਏਅਰ ਇੰਡੀਆ ਦੀ ਫਲਾਈਟ ਵਿੱਚ ਧਮਾਕੇ ਦੀ ਧਮਕੀ ਦੇ ਮਾਮਲੇ ਦੀ ਜਾਂਚ ਕਰ ਹੀ ਹੈ। ਮੰਤਰੀ ਨੇ ਕਿਹਾ ਅਸੀਂ ਹਰ ਖ਼ਤਰੇ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਖਾਸ ਕਰਕੇ ਜਦੋਂ ਮਾਮਲਾ ਏਅਰਲਾਈਨ ਨਾਲ ਸਬੰਧਤ ਹੋਵੇ । ਉਨ੍ਹਾਂ ਕਿਹਾ ਕਿ ਰੌਇਲ ਕੈਨੇਡੀਅਨ ਮਾਊਂਟਡ ਪੁਲਿਸ ਇਸ ਦੀ ਜਾਂਚ ਕਰ ਹੀ ਹੈ । ਕੈਨੇਡਾ ਦੀ ਸਰਕਾਰ ਇਸ ਨੂੰ ਇਸ ਲਈ ਵੀ ਹਲਕੇ ਵਿੱਚ ਨਹੀਂ ਲੈ ਰਹੀ ਹੈ ਕਿਉਂਕਿ 80 ਦੇ ਦਹਾਕੇ ਵਿੱਚ ਕਨਿਸ਼ ਏਅਰ ਕਰੈਸ਼ ਦੀਆਂ ਯਾਦਾਂ ਹੁਣ ਵੀ ਉਨ੍ਹਾਂ ਦੇ ਦਿਮਾਗ ਵਿੱਚ ਹਨ ।
ਪੰਨੂ ਬਾਰੇ ਜਾਣਕਰੀ
ਗੁਰਪਤਵੰਤ ਸਿੰਘ ਪੰਨੂ ਮਾਝੇ ਦੇ ਪੱਟੀ ਦੇ ਪਿੰਡ ਨੱਥੂਚੱਕ ਦਾ ਰਹਿਣ ਵਾਲਾ ਹੈ । ਕੁਝ ਸਾਲ ਬਾਅਦ ਪੰਨੂ ਦਾ ਪਰਿਵਾਰ ਅੰਮ੍ਰਿਤਸਰ ਦੇ ਨੇੜੇ ਪੈਂਦੇ ਪਿੰਡ ਖਾਨਕੋਟ ਜਾਕੇ ਵਸ ਗਿਆ ਸੀ । ਪੰਨੂ ਦਾ ਇੱਕ ਭਰਾ ਅਤੇ ਭੈਣ ਹੈ ਉਨ੍ਹਾਂ ਨੇ ਸਾਰੀ ਪੜਾਈ ਇੱਥੇ ਹੀ ਕੀਤੀ, ਪਿਤਾ ਪੰਜਾਬ ਮਾਰਕੀਟਿੰਗ ਬੋਰਡ ਦੇ ਸਕੱਤਰ ਸਨ । ਪੰਨੂ ਆਪ ਪੇਸ਼ੇ ਤੋਂ ਵਕੀਲ ਹੈ । 1990 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ । 90 ਦੇ ਦਹਾਕੇ ਵਿੱਚ ਜਦੋਂ ਪੰਨੂ ‘ਤੇ ਕਤਲ ਦਾ ਕੇਸ ਦਰਜ ਹੋਇਆ ਤਾਂ ਅਮਰੀਕਾ ਚੱਲਿਆ ਗਿਆ । 2 ਮਹੀਨੇ ਪਹਿਲਾਂ ਹੀ NIA ਨੇ ਪੰਨੂ ਦੀ ਚੰਡੀਗੜ੍ਹ ਅਤੇ ਪੱਟੀ ਦੀ ਜਾਇਦਾਦ ਨੂੰ ਜ਼ਬਤ ਕਰ ਲਈ ਹੈ ।