ਬਿਉੋਰੋ ਰਿਪੋਰਟ : ਸ਼ਰਾਬ ਘੁਟਾਲੇ ਵਿੱਚ ਜੇਲ੍ਹ ਵਿੱਚ ਬੰਦ ਕੇਜਰੀਵਾਲ ‘ਤੇ ਚੋਣ ਫੰਡਾਂ ਨੂੰ ਲੈਕੇ ਇੱਕ ਹੋਰ ਗੰਭੀਰ ਇਲਜ਼ਾਮ ਲੱਗਿਆ ਹੈ । SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਇਲਜ਼ਾਮਾਂ ਮੁਤਾਬਿਕ ਖਾਲਿਸਤਾਨੀ ਹਮਾਇਤੀਆਂ ਨੇ 2014 ਤੋਂ 2022 ਤੱਕ ਆਮ ਆਦਮੀ ਪਾਰਟੀ ਨੂੰ ਤਕਰੀਬਨ 133.54 ਕਰੋੜ ਰੁਪਏ ਦੀ ਫੰਡਿੰਗ ਕੀਤੀ ਹੈ ।
ਸੋਸ਼ਲ ਮੀਡੀਆ ‘ਤੇ ਪੋਸਟ ਵੀਡੀਓ ਵਿੱਚ ਪੰਨੂ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫੰਡਾਂ ਦੇ ਬਦਲੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਯਕੀਨੀ ਬਣਾਉਣ ਦੀ ਪੇਸ਼ਕਸ਼ ਕੀਤੀ ਸੀ। ਭੁੱਲਰ 1993 ਦੇ ਦਿੱਲੀ ਬੰਬ ਧਮਾਕੇ ਦੇ ਕੇਸ ਵਿੱਚ ਇੱਕ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਪੰਨੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਇਲਜ਼ਾਮਾਂ ਲਾਇਆ ਕਿ 2014 ਵਿੱਚ ਗੁਰਦੁਆਰਾ ਰਿਚਮੰਡ ਹਿੱਲਜ਼, ਨਿਊਯਾਰਕ ਵਿੱਚ ਕੇਜਰੀਵਾਲ ਅਤੇ ਖਾਲਿਸਤਾਨ ਪੱਖੀ ਸਿੱਖਾਂ ਵਿਚਕਾਰ ਇੱਕ ਗੁਪਤ ਮੀਟਿੰਗ ਹੋਈ ਸੀ। ਪੰਨੂ ਦਾ ਦਾਅਵਾ ਹੈ ਕਿ ਇਸ ਮੁਲਾਕਾਤ ਦੌਰਾਨ ਕੇਜਰੀਵਾਲ ਨੇ ਕਥਿਤ ਤੌਰ ‘ਤੇ ਵਿੱਤੀ ਸਹਾਇਤਾ ਦੇ ਬਦਲੇ ਭੁੱਲਰ ਦੀ ਰਿਹਾਈ ਸੁਰੱਖਿਅਤ ਕਰਨ ਦਾ ਵਾਅਦਾ ਕੀਤਾ ਸੀ।
ਦਰਅਸਲ ਦਵਿੰਦਰ ਪਾਲ ਸਿੰਘ ਭੁੱਲਲ ਪਹਿਲਾਂ ਦਿੱਲੀ ਦੀ ਜੇਲ੍ਹ ਵਿੱਚ ਬੰਦ ਸੀ । ਪਰ ਬਾਦਲ ਸਰਕਾਰ ਵੇਲੇ 2015 ਵਿੱਚ ਉਨ੍ਹਾਂ ਨੂੰ ਪੰਜਾਬ ਭੇਜਣ ਦੀ ਅਪੀਲ ਕੀਤੀ ਸੀ ਜਿਸ ਨੂੰ ਕੇਜਰੀਵਾਲ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ ਜਿਸ ਤੋਂ ਬਾਅਦ ਭੁੱਲਰ ਨੂੰ ਅੰਮ੍ਰਿਤਸਰ ਸ਼ਿਫਟ ਕੀਤਾ ਗਿਆ ਸੀ। SFJ ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਇਸੇ ਦਾ ਹਵਾਲਾ ਦੇ ਰਿਹਾ ਹੈ ।