India International Punjab

ਪੰਨੂ ਮਾਮਲੇ ਦੀ ਚਾਰਜਸ਼ੀਟ ‘ਚ ਭਾਰਤੀ ਏਜੰਟ ਦਾ ਨਾਂ ਨਸ਼ਰ ਹੋਣ ‘ਤੇ ਟਰੂਡੋ ਦਾ ਵੱਡਾ ਬਿਆਨ !

ਬਿਉਰੋ ਰਿਪੋਰਟ : SFJ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ਼ ਦੇ ਮਾਮਲੇ ਵਿੱਚ ਅਮਰੀਕਾ ਦੇ ਡਿਪਾਰਟਮੈਂਟ ਆਫ ਜਸਟਿਸ ਦੀ ਚਾਰਜਸ਼ੀਟ ਵਿੱਚ ਨਿਖਲ ਗੁਪਤਾ ਅਤੇ ਇੱਕ ਹੋਰ ਭਾਰਤੀ ਏਜੰਟ ਬਾਰੇ ਜਿਹੜਾ ਖੁਲਾਸਾ ਕੀਤਾ ਹੈ ਉਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਭਾਰਤ ਨੂੰ ਹਰਦੀਪ ਸਿੰਘ ਨਿੱਝਰ ਮਾਮਲੇ ਵਿੱਚ ਸਹਿਯੋਗ ਦੀ ਮੁੜ ਤੋਂ ਮੰਗ ਕੀਤੀ ਹੈ । PM ਟਰੂਡੋ ਨੇ ਕਿਹਾ ਕਿ ਜਿਸ ਤਰ੍ਹਾਂ ਅਮਰੀਕਾ ਤੋਂ ਖ਼ਬਰਾਂ ਆ ਰਹੀਆਂ ਹਨ ਉਸ ਤੋਂ ਬਾਅਦ ਭਾਰਤ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ,ਅਸੀਂ ਪਹਿਲੇ ਦਿਨ ਤੋਂ ਇਸ ਗੱਲ ‘ਤੇ ਜ਼ੋਰ ਦੇ ਰਹੇ ਹਾਂ ।

CBC ਨਿਊਜ਼ ਦੀ ਰਿਪੋਰਟ ਦੇ ਮੁਤਾਬਿਕ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਸਾਨੂੰ ਨਿੱਝਰ ਮਾਮਲੇ ਦੀ ਤੈਅ ਤੱਕ ਜਾਣਾ ਹੋਵੇਗਾ,ਇਹ ਉਹ ਮੁੱਦਾ ਨਹੀਂ ਜਿਸ ਨੂੰ ਹਲਕੇ ਵਿੱਚ ਛੱਡ ਦਿੱਤਾ । ਉਧਰ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਅਮਰੀਕਾ ਦੀ ਰਿਪੋਰਟ ‘ਤੇ ਕੋਈ ਬਿਆਨ ਦੇਣ ਤੋਂ ਇਨਕਾਰ ਕਰਦੇ ਹੋਏ ਸਿਰਫ਼ ਇੰਨਾਂ ਕਿਹਾ ਅਸੀਂ ਨਿੱਝਰ ਮਾਮਲੇ ਵਿੱਚ ਭਾਰਤ ਤੋਂ ਵੱਧ ਸਹਿਯੋਗ ਚਾਹੁੰਦੇ ਹਾਂ ।

ਅਮਰੀਕਾ ਦੇ ਡਿਪਾਰਟਮੈਂਟ ਆਫ ਜਸਟਿਸ ਦਾ ਖੁਲਾਸਾ

ਅਮਰੀਕਾ ਦੇ ਅਟਾਰਨੀ ਦਫਤਰ ਵਿੱਚ ਇੱਕ ਸਿੱਖ ਦੇ ਕਤਲ ਕਰਨ ਦੀ ਅਸਫਲ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਵਿੱਚ 52 ਸਾਲਾ ਭਾਰਤੀ ਨਾਗਰਿਕ ਨਿਖਿਲ ਗੁਪਤਾ ਖਿਲਾਫ ਦੋਸ਼ ਦਾਇਰ ਹੋਏ ਹਨ। ਉਸ ਉੱਤੇ ਪੈਸੇ ਲੈ ਕੇ ਕਤਲ ਕਰਨ ਦੀ ਸਾਜਿਸ਼ ਕਰਨ ਦਾ ਦੋਸ਼ ਹੈ। ਇੰਨਾ ਹੀ ਨਹੀਂ ਇਸ ਕੇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਿਖਿਲ ਗੁਪਤਾ ਨੇ ਨਿਊਯਾਰਕ ਵਿੱਚ ਇਸ ਸਿੱਖ ਕਾਰਕੁਨ ਨੂੰ ਮਾਰਨ ਦੀ ਗੁਪਤ ਕੋਸ਼ਿਸ਼ ਵਿੱਚ ਭਾਰਤ ਸਰਕਾਰ ਦੇ ਖੁਫੀਆ ਅਤੇ ਸੁਰੱਖਿਆ ਅਧਿਕਾਰੀ ਦੇ ਇਸ਼ਾਰੇ ਉੱਤੇ ਕੀਤੀ ਸੀ। ਹਾਲਾਂਕਿ ਚਾਰਜਸ਼ੀਟ ਵਿੱਚ ਬਾਰਤੀ ਅਧਿਕਾਰੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਉਸ ਨੂੰ CC-1 ਦੇ ਨਾਂ ਨਾਲ ਸੰਬੋਧਿਤ ਕੀਤਾ ਗਿਆ ਹੈ । ਚਾਰਜਸ਼ੀਟ ਦੇ ਮੁਤਾਬਿਕ CC-1 ਭਾਰਤ ਸਰਕਾਰ ਦੀ ਇੱਕ ਏਜੰਸੀ ਦਾ ਮੁਲਾਜ਼ਮ ਜਿਸ ਨੇ ਕਈ ਮੌਕਿਆਂ ‘ਤੇ ਆਪਣੇ ਆਪ ਨੂੰ ਫੀਲਡ ਫਸਰ ਦੱਸਿਆ ਹੈ । ਉਹ ਸੁਰੱਖਿਆ ਮੈਨੇਜਮੈਂਟ ਅਤੇ ਇੰਟੈਲੀਜੈਂਸ ਦੇ ਲਈ ਜ਼ਿੰਮੇਵਾਰ ਹੈ । ਹਾਲਾਂਕਿ ਚਾਰਜਸ਼ੀਟ ਵਿੱਚ ਜਿਸ ਸਿੱਖ ਨੂੰ ਟਾਰਗੇਟ ਕਰਨਾ ਸੀ ਉਸ ਦਾ ਨਾਂ ਨਹੀਂ ਦੱਸਿਆ ਗਿਆ ਹੈ ਪਰ ਫਾਇਨਾਂਸ਼ੀਅਲ ਟਾਇਮਸ ਦੀ ਰਿਪੋਰਟ ਦੇ ਮੁਤਾਬਿਕ ਉਹ SFJ ਦਾ ਗੁਪਤਵੰਤ ਸਿੰਘ ਨਿੱਝਰ ਹੀ ਸੀ ।

CC-1 ਭਾਰਤ ਦੀ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਵਿੱਚ ਕੰਮ ਕਰਦਾ ਹੈ

ਚਾਜਸ਼ੀਟ ਦੇ ਮੁਤਾਬਿਕ ਨਿਖਿਲ ਗੁਪਤਾ ਨੂੰ ਜਿਸ CC-1 ਅਫਸਰ ਨੇ ਪੰਨੂ ਨੂੰ ਮਾਰਨ ਦਾ ਕਾਂਟਰੈਕਟ ਦਿੱਤਾ ਸੀ ਕਿ ਉਹ ਸੈਂਟਰ ਰਿਜ਼ਰਵ ਪੁਲਿਸ ਫੋਰਸ ਦੇ ਲਈ ਕੰਮ ਕਰਦਾ ਹੈ । ਅਮਰੀਕਾ ਦੇ ਡਿਪਾਟਮੈਂਟ ਆਫ ਜਸਟਿਸ ਦੇ ਮੁਤਾਬਿਕ ਭਾਰਤ ਸਰਕਾਰ ਦੇ ਅਧਿਕਾਰੀ ਨੇ ਕਿਹਾ ਸੀ ਉਸ ਨੂੰ ਜੰਗ ਦੀ ਕਲਾਂ ਵਿੱਚ ਅਫਸਰ ਲੈਵਰ ਦੀ ਟ੍ਰੇਨਿੰਗ ਅਤੇ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

ਨਿਖਿਲ ਨੇ ਅਮਰੀਕਾ ਦੀ ਫੈਡਰਲ ਏਜੰਟਸ ਨੂੰ ਦੱਸਿਆ ਕਿ ਪੰਨੂ ਤੋਂ ਇਲਾਵਾ ਵੀ ਕਈ ਲੋਕਾਂ ਦਾ ਕਤਲ ਕਰਨ ਨੂੰ ਕਿਹਾ ਗਿਆ ਸੀ । ਚਾਰਜਸ਼ੀਟ ਵਿੱਚ 100 ਡਾਲਰ ਦਾ ਬਿੱਲ ਵੀ ਸੀ ਜੋ ਮੁਲਜ਼ਮ ਨੂੰ ਐਡਵਾਂਸ ਪੇਮੈਂਟ ਦੇ ਤੌਰ ‘ਤੇ ਦਿੱਤੇ ਗਏ ਸਨ । ਡਿਪਾਰਟਮੈਂਟ ਦੀ ਰਿਪੋਰਟ ਦੇ ਮੁਤਾਬਿਕ ਨਿਖਿਲ ਗੁਪਤਾ ਨੂੰ ਚੈਕ ਰਿਪਬਲਿਕ ਨੇ 30 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਫਿਰ ਅਮਰੀਕਾ ਨੂੰ ਸੌਂਪ ਦਿੱਤਾ ਸੀ ।

ਇਸ ਤਰ੍ਹਾਂ ਰਚੀ ਗਈ ਸਾਜਿਸ਼

ਅਮਰੀਕਾ ਦੇ ਡਿਪਾਰਟਮੈਂਟ ਆਫ ਜਸਟਿਸ ਦੇ ਮੁਤਾਬਿਕ,ਭਾਰਤੀ ਅਧਿਕਾਰੀ ਦੇ ਕਹਿਣ ‘ਤੇ ਨਿਖਲ ਨੇ ਇੱਕ ਅਪਰਾਧੀ ਤੋਂ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦਾ ਕਾਂਟਰੈਕਟ ਕੀਤਾ ਸੀ। ਪਰ ਅਸਲ ਵਿੱਚ ਅਪਰਾਧੀ ਅਮਰੀਕੀ ਏਜੰਸ ਸੀ । ਇਸ ਏਜੰਟ ਨੇ ਨਿਖਲ ਦੀ ਪਛਾਣ ਇੱਕ ਹੋਰ ਅੰਡਰਕਵਰ ਅਧਿਕਾਰੀ ਦੇ ਨਾਲ ਕਰਵਾਈ ਜੋ ਕਤਲ ਨੂੰ ਅੰਜਾਮ ਦੇਣ ਵਾਲਾ ਸੀ । ਇਸ ਦੇ ਲਈ 83 ਲੱਖ ਰੁਪਏ ਵਿੱਚ ਡੀਲ ਹੋਈ ਸੀ ।

ਡੀਲ ਹੋਣ ਦੇ ਬਾਅਦ ਭਾਰਤੀ ਅਧਿਕਾਰੀ CC-1 ਨੇ ਗੁਪਤਾ ਨੂੰ ਪੰਨੂ ਦਾ ਨਿਊਯਾਰਕ ਦੇ ਘਰ ਦਾ ਪਤਾ ਦਿੱਤਾ,ਉਸ ਦਾ ਫੋਨ ਨੰਬਰ ਅਤੇ ਪੂਰੇ ਦਿਨ ਨਾਲ ਜੁੜੀ ਜਾਣਕਾਰੀ ਦਾ ਬਿਊਰਾ ਦਿੱਤਾ । ਗੁਪਤਾ ਨੇ ਇਸ ਦੀ ਜਾਣਕਾਰੀ HITMAN ਨੂੰ ਦਿੱਤੀ ਜਿਸ ਨੇ ਪੰਨੂ ਦੇ ਕਤਲ ਨੂੰ ਅੰਜਾਮ ਦੇਣਾ ਸੀ । ਗੁਪਤਾ ਉਸ ਨੂੰ ਜਲਦ ਤੋਂ ਜਲਦ ਇਸ ਕੰਮ ਨੂੰ ਪੂਰਾ ਕਰਨ ਦੇ ਲਈ ਕਿਹਾ ਸੀ । ਹਾਲਾਂਕਿ ਉਸ ਕਤਲ ਕਰਨ ਵਾਲੇ HITMAN ਨੂੰ ਕਿਹਾ ਗਿਆ ਸੀ ਕਿ ਉਹ ਪੰਨੂ ਦੇ ਕਤਲ ਨੂੰ ਉਸ ਵੇਲੇ ਅੰਜਾਮ ਨਾ ਦੇਵੇ ਜਦੋਂ ਭਾਰਤ ਅਤੇ ਅਮਰੀਕਾ ਦੇ ਵਿਚਾਲੇ ਹਾਈਲੈਵਲ ਬੈਠਕ ਹੋਣੀ ਹੈ । ਦਰਅਸਲ ਨਿਊਯਾਰਕ ਟਾਈਮਸ ਦੇ ਮੁਤਾਬਿਕ ਉਸੇ ਮਹੀਨੇ PM ਮੋਦੀ ਅਮਰੀਕਾ ਦੌਰੇ ‘ਤੇ ਪਹੁੰਚ ਰਹੇ ਸਨ । ਚਾਰਜਸ਼ਟੀ ਦੇ ਮੁਤਾਬਿਕ ਗੁਪਤਾ ਨੇ ਹਿੱਟਮੈਨ ਨੂੰ ਦੱਸਿਆ ਕਿ ਹਰਦੀਪ ਸਿੰਘ ਨਿੱਝਰ ਵੀ ਉਨ੍ਹਾਂ ਦੇ ਟਾਰਗੇਟ ਲਿਸਟ ਵਿੱਚ ਹੈ। ਕੈਨੇਡਾ ਵਿੱਚ ਉਸ ਦੇ ਕਤਲ ਦੇ ਬਾਅਦ ਭਾਰਤੀ ਏਜੰਟ CC-I ਨੇ ਗੁਪਤਾ ਨੂੰ ਪੰਨੂ ਨਾਲ ਜੁੜਿਆ ਇੱਕ ਨਿਊਜ਼ ਆਰਟੀਕਲ ਭੇਜਿਆ ਸੀ । ਉਸ ਨੂੰ ਹੁਣ ਪਹਿਲ ਦੇ ਅਧਾਰ ‘ਤੇ ਮਾਰਨਾ ਹੈ ।

ਚਾਰਜਸ਼ੀਟ ਵਿੱਚ ਨਿੱਝਰ ਦੇ ਕਤਲ ਦੀ ਸਾਜਿਸ਼ ਅਤੇ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਦੇ ਕੁਨੈਕਸ਼ਨ ਦੇ ਬਾਰੇ ਵੀ ਦੱਸਿਆ ਗਿਆ ਹੈ । CC-1 ਨੇ ਨਿੱਝਰ ਦਾ ਕਤਲ ਹੋਣ ਦੇ ਬਾਅਦ ਉਸ ਦੇ ਖੂਨ ਨਾਲ ਭਿੱਜੀ ਲਾਸ਼ ਦਾ ਇੱਕ ਵੀਡੀਓ ਵੀ ਗੁਪਤਾ ਨੂੰ ਭੇਜਿਆ ਸੀ ਇਸ ਨੂੰ ਵਿਖਾਉਂਦੇ ਹੋਏ ਕਿਹਾ ਕਿ ਪੰਨੂ ਨੂੰ ਹੁਣ ਫੌਰਨ ਮਾਰ ਦਿੱਤਾ ਜਾਵੇ,ਨਹੀਂ ਤਾਂ ਉਹ ਅਲਰਟ ਹੋ ਜਾਵੇਗਾ ।

ਨਿਊਯਾਰਕ ਟਾਇਮਸ ਦੇ ਮੁਤਾਬਿਕ ਅਮਰੀਕਾ ਦੀ ਨੈਸ਼ਨਲ ਸੁਰੱਖਿਆ ਕਾਉਂਸਿਲ ਦੇ ਬੁਲਾਰੇ ਐਡ੍ਰੀਅਨ ਵਾਟਸਨ ਨੇ ਦੱਸਿਆ ਕਿ ਬਾਈਡਨ ਪ੍ਰਸ਼ਾਸਨ ਨੂੰ ਨਿਖਲ ਗੁਪਤਾ ‘ਤੇ ਲੱਗੇ ਇਲਜ਼ਾਮਾਂ ਅਤੇ ਭਾਰਤ ਸਰਕਾਰ ਦੇ ਅਧਿਕਾਰੀਆਂ ਦੇ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ । ਇਸ ਦੇ ਬਾਅਦ ਉਨ੍ਹਾਂ ਨੇ ਭਾਰਤ ਸਰਕਾਰ ਵਿੱਚ ਸਭ ਤੋਂ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਆਪਣੀਆਂ ਚਿੰਤਾਵਾਂ ਦੱਸਿਆਂ ਸਨ । ਵਾਟਸਨ ਨੇ ਕਿਹਾ ਭਾਰਤ ਸਰਕਾਰ ਨੇ ਸ਼ੁਰੂਆਤ ਤੋਂ ਹੀ ਸਾਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਹੀ ਹੈ । ਅਸੀਂ ਇਸ ਮਾਮਲੇ ਵਿੱਚ ਭਾਰਤ ਨੂੰ ਸਾਰੀ ਜਾਣਕਾਰੀ ਸਾਂਝੀ ਕਰ ਦਿੱਤੀ ਹੈ ।

ਨਿਊਯਾਰਕ ਟਾਇਮਸ ਦੇ ਮੁਤਾਬਿਕ ਬਾਈਡਨ ਨੇ ਆਪ CIA ਦੇ ਡਾਇਰੈਕਟਰ ਵਿਲੀਅਮ ਬਨਰਸ ਨੂੰ ਅਗਸਤ ਵਿੱਚ ਭਾਰਤ ਜਾਕੇ ਸਰਕਾਰ ਨਾਲ ਮੁਲਜ਼ਮਾਂ ਖਿਲਾਫ ਕਾਰਵਾਈ ‘ਤੇ ਚਰਚਾ ਕਰਨ ਨੂੰ ਕਿਹਾ ਸੀ । ਬਾਈਡਨ ਜਦੋਂ ਸਤੰਬਰ ਵਿੱਚ G20 ਸੰਮੇਲਨ ਦੇ ਲਈ ਭਾਰਤ ਆਏ ਸਨ ਤਾਂ ਉਨ੍ਹਾਂ ਨੇ ਆਪ PM ਮੋਦੀ ਨਾਲ ਗੱਲਬਾਤ ਕੀਤੀ ਸੀ ।

ਭਾਰਤ ਨੇ ਜਾਂਚ ਸ਼ੁਰੂ ਕੀਤੀ

ਅਮਰੀਕਾ ਵੱਲੋਂ ਭਾਰਤ ‘ਤੇ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ਼ ਦਾ ਜਿਹੜਾ ਇਲਜ਼ਾਮ ਲਗਾਇਆ ਸੀ ਉਸ ਦੀ ਭਾਰਤ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਇਸ ਦੇ ਲਈ ਇੱਕ ਹਾਈ ਲੈਵਲ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ । ਪਿਛਲੇ ਹਫਤੇ ਫਾਇਨਾਂਸ਼ਲ ਟਾਇਮਸ ਵਿੱਚ ਛੱਪੀ ਰਿਪੋਰਟ ਦੇ ਮੁਤਾਬਿਕ ਅਮਰੀਕਾ ਸਰਕਾਰ ਨੇ ਭਾਰਤ ਨੂੰ ਚਿਤਾਵਨੀ ਦਿੰਦੇ ਹੋਏ ਇਲਜ਼ਾਮ ਲਗਾਇਆ ਸੀ ਕਿ ਸਾਡੀ ਧਰਤੀ ‘ਤੇ ਅਮਰੀਕੀ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਭਾਰਤ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝ ਦਾ ਹੈ ਇਸੇ ਲਈ ਜਾਂਚ ਲਈ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਜੋ ਇਸ ਮਾਮਲੇ ਦੇ ਪਹਿਲੂਆਂ ਦੀ ਜਾਂਚ ਕਰੇਗਾ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਅਸੀਂ ਪਹਿਲਾਂ ਹੀ ਅਮਰੀਕਾ ਨਾਲ ਗੱਲਬਾਤ ਦੌਰਾਨ ਇਸ ਨੂੰ ਸਾਫ ਕਰ ਚੁੱਕੇ ਹਾਂ। ਅਮਰੀਕਾ ਨੇ ਸਾਡੇ ਨਾਲ ਆਰਗਨਾਇਜ ਅਪਰਾਧ,ਦਹਿਸ਼ਤਗਰਦੀ ਨਾਲ ਜੁੜੇ ਕੁਝ ਇਨਪੁੱਟ ਸ਼ੇਅਰ ਕੀਤੇ ਹਨ ਜਿਸ ‘ਤੇ ਕੰਮ ਹੋ ਰਿਹਾ ਹੈ । ਭਾਰਤ ਨੇ ਕਿਹਾ ਅਸੀਂ ਸੁਰੱਖਿਆ ਨਾਲ ਜੁੜੇ ਇੰਨਾਂ ਸਾਰੀਆਂ ਚੀਜ਼ਾ ਨੂੰ ਬਹੁਤ ਹੀ ਸੰਜੀਦਗੀ ਨਾਲ ਲੈ ਰਹੇ ਹਾਂ ਇਹ ਸਾਡੀ ਕੌਮੀ ਸੁਰੱਖਿਆ ਦੇ ਲਈ ਵੀ ਬਹੁਤ ਜ਼ਰੂਰੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਜਿਵੇਂ ਹੀ ਇਸ ਮਾਮਲੇ ਵਿੱਚ ਰਿਪੋਰਟ ਸਾਹਮਣੇ ਆ ਜਾਵੇਗੀ ਅਸੀਂ ਜ਼ਰੂਰੀ ਕਦਮ ਚੁੱਕਾਂਗੇ ।