ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾ ਹੋ ਰਹੀਆਂ ਹਨ, ਜਿਸ ਤੋਂ ਪਹਿਲਾਂ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਮਕਸਦ ਨਾਲ ਇੱਕ ਵਾਰ ਫਿਰ ਇੱਕ ਨਵੀਂ ਵੀਡੀਓ ਜਾਰੀ ਕੀਤੀ ਹੈ। ਪੰਨੂੰ ਨੇ ਬਲਿਊ ਸਟਾਰ ਅਪਰੇਸ਼ਨ ਦੀ 40ਵੀਂ ਬਰਸੀ ਮੌਕੇ ਚੋਣਾਂ ਵਿਚ ਵਿਘਨ ਪਾਉਣ ਲਈ ਇਹ ਵੀਡੀਓ ਜਾਰੀ ਕੀਤੀ ਗਈ ਹੈ। ਇਸ ਵੀਡੀਓ ਵਿੱਚ ਉਹ ਪੰਜਾਬ ਦੇ ਲੋਕਾਂ ਨੂੰ ਰੈਫਰੈਂਡਮ 2020 ਦਾ ਹਿੱਸਾ ਬਣਨ ਲਈ ਕਹਿ ਰਿਹਾ ਹੈ।
ਆਪਣੀ ਵੀਡੀਓ ਵਿੱਚ ਪੰਨੂ ਨੇ ਪੰਜਾਬ ਨੂੰ ਭਾਰਤੀ ਸੰਵਿਧਾਨ ਤਹਿਤ ਗੁਲਾਮ ਕਿਹਾ ਹੈ। ਪੰਨੂੰ ਦਾ ਕਹਿਣਾ ਹੈ ਕਿ ਸਿੱਖ ਪੰਥ ਦੀ ਜ਼ਮੀਰ ਅਤੇ ਪੰਜਾਬ ਦੀਆਂ ਜ਼ਮੀਨਾਂ ਨੂੰ ਭਾਰਤੀ ਸੰਵਿਧਾਨ ਅਧੀਨ ਗ਼ੁਲਾਮ ਕਰਨ ਲਈ ਪਹਿਲੀ ਜੂਨ ਨੂੰ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸੇ ਸੰਵਿਧਾਨ ਤਹਿਤ ਜੂਨ 84 ਵਾਪਰਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਦਿੱਤਾ ਗਿਆ। ਇਸ ਵਾਰ ਬਲਿਊ ਸਟਾਰ ਅਪਰੇਸ਼ਨ ਦੇ 6 ਜੂਨ ਨੂੰ 40 ਸਾਲ ਹੋਣ ਜਾ ਰਹੇ ਹਨ। ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਖਾਲਿਸਤਾਨ ਰੈਫਰੈਂਡਮ ਲਈ ਵੋਟਾਂ ਦੀ ਰਜਿਸਟ੍ਰੇਸ਼ਨ 6 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ।
ਦੱਸ ਦੇਈਏ ਕਿ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਸਮੇਂ-ਸਮੇਂ ‘ਤੇ ਵੀਡੀਓ ਜਾਰੀ ਕੀਤੀਆਂ ਜਾਂਦੀਆਂ ਹਨ। ਉਸ ਵੱਲੋਂ ਵੀ ਅਜਿਹੇ ਬਿਆਨ ਕਈ ਵਾਰ ਦਿੱਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ – ਚੋਣਾਂ ਤੋਂ ਪਹਿਲਾਂ ਹਰਸਿਮਰਤ ਬਾਦਲ ਨੂੰ ਝਟਕਾ!