‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਅੱਜ ਕਿਸਾਨਾਂ ਨੂੰ ਸੰਬਧੋਨ ਕਰਦਿਆਂ ਕਿਹਾ ਕਿ ‘ਅੱਜ ਹਰਿਆਣਾ ਵਾਲਿਆਂ ਨੇ ਬੀਜੇਪੀ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ ਅਤੇ ਇਹ ਨੱਕ ਵਿੱਚ ਦਮ ਪੂਰੇ ਦੇਸ਼ ਵਿੱਚ ਕਰਨਾ ਚਾਹੀਦਾ ਹੈ। ਅੱਜ ਹਰ ਆਦਮੀ ਦੇ ਦਿਲ ਵਿੱਚ ਰੋਸ ਹੈ। ਸਾਡੀ ਮਜ਼ਬੂਰੀ ਹੈ, ਜਿਸਦਾ ਫਾਇਦਾ ਉਠਾਇਆ ਜਾ ਰਿਹਾ ਹੈ। ਇਹ ਤਿੰਨ ਖੇਤੀ ਕਾਨੂੰਨ ਨਹੀਂ ਹਨ, ਇਹ ਖੇਤੀ ਵਪਾਰ ਕਾਨੂੰਨ ਹਨ। ਸਰਕਾਰ ਇਸਨੂੰ ਐਗਰੋ ਬਿਜ਼ਨਸ ਕਹਿ ਰਹੀ ਹੈ ਪਰ ਇਹ ਸਾਡਾ ਬੁਰਾ ਹਾਲ ਕਰੇਗੀ। ਇਨ੍ਹਾਂ ਖੇਤੀ ਕਾਨੂੰਨਾਂ ਨਾਲ ਅਸੀਂ ਜ਼ਿੰਦਾ ਕਿਵੇਂ ਰਹਾਂਗੇ। ਸਾਡੀ ਲੜਾਈ ਜ਼ਿੰਦਾ ਰਹਿਣ ਲਈ ਹੈ, ਮੁਕੱਦਮੇ ਰੱਦ ਕਰਨ ਲਈ ਨਹੀਂ ਹੈ ਕਿਉਂਕਿ ਮੁਕੱਦਮੇ ਤਾਂ ਸਾਡੇ ‘ਤੇ ਚੱਲਦੇ ਰਹਿਣਗੇ। ਇਸੇ ਲਈ ਮੈਂ ਅੱਜ ਤੱਕ ਮੁੱਕਦਮੇ ਵਾਪਿਸ ਲੈਣ ਦੀ ਗੱਲ ਨਹੀਂ ਕੀਤੀ ਅਤੇ ਉਦੋਂ ਤੱਕ ਨਹੀਂ ਕਰਾਂਗਾ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਕਰਵਾ ਲੈਂਦੇ’।
ਚੜੂਨੀ ਨੇ ਕਿਹਾ ਕਿ ‘ਖੇਤੀ ਕਾਨੂੰਨਾਂ ਦੇ ਨਾਲ ਸਾਡੀ ਜ਼ਿੰਦਗੀ ਖਤਰੇ ਵਿੱਚ ਹੈ। ਖੇਤੀ ਕਾਨੂੰਨ ਰੱਦ ਕਰਨ ਲਈ ਤਿੰਨ ਦਿਨ ਤਾਂ ਕੀ, ਜੇ ਤਿੰਨ ਸਾਲ ਵੀ ਲੱਗ ਜਾਣ ਤਾਂ ਵੀ ਅਸੀਂ ਲੜਾਂਗੇ। ਅਸੀਂ ਬੀਜੇਪੀ ਦੀਆਂ ਜੜ੍ਹਾਂ ਹਿਲਾ ਦਿਆਂਗੇ। ਇਹ ਅੰਦੋਲਨ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਹੈ, ਇਸ ਲਈ ਇਸ ਅੰਦੋਲਨ ਨੂੰ ਜਿੱਤਣਾ ਹੀ ਹੈ। ਇਸ ਲਈ ਅਸੀਂ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਾਂ। ਉਨ੍ਹਾਂ ਕਿਹਾ ਕਿ ਜੋ ਆਦਮੀ ਜੇਲ੍ਹਾਂ ਨਹੀਂ ਝੱਲ ਸਕਦਾ, ਉਹ ਅੰਦੋਲਨ ਨਹੀਂ ਜਿੱਤ ਸਕਦਾ’।