‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਦਿੱਲੀ ਪੁਲਿਸ ਵੱਲੋਂ ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡ ਹਟਾਏ ਜਾਣ ਤੋਂ ਬਾਅਦ ਸਰਕਾਰ ਨੂੰ ਇੱਕ ਚਿਤਾਵਨੀ ਅਤੇ ਲੋਕਾਂ ਨੂੰ ਇੱਕ ਅਪੀਲ ਕੀਤੀ ਹੈ। ਚੜੂਨੀ ਨੇ ਕਿਹਾ ਕਿ ਸਰਕਾਰ ਕਈ ਦਿਨਾਂ ਤੋਂ ਬਾਰਡਰ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ ਅਤੇ ਲੋਕਾਂ ਵਿੱਚ ਵੀ ਬਹੁਤ ਅਫੜਾ-ਤਫੜੀ ਹੈ। ਚਰਚਾ ਚੱਲ ਰਹੀ ਹੈ ਕਿ ਦਿਵਾਲੀ ਤੋਂ ਪਹਿਲਾਂ-ਪਹਿਲਾਂ ਸਰਕਾਰ ਸੜਕਾਂ ਖਾਲੀ ਕਰਵਾ ਦੇਵੇਗੀ। ਚੜੂਨੀ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਕਿਸੇ ਭੁਲੇਖੇ ਜਾਂ ਗਲਤ ਫਹਿਮੀ ਵਿੱਚ ਨਾ ਰਹੇ। ਜੇਕਰ ਸਰਕਾਰ ਨੇ ਸੜਕਾਂ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਇਸ ਵਾਰ ਦੀ ਦਿਵਾਲੀ ਮੋਦੀ ਦੇ ਦਰਵਾਜ਼ੇ ‘ਤੇ ਮਨਾਈ ਜਾਵੇਗੀ। ਸਾਰੇ ਕਿਸਾਨ ਮੋਦੀ ਦੇ ਘਰ ਅੱਗੇ ਡੇਰਾ ਲਾ ਲੈਣਗੇ ਅਤੇ ਦਿਵਾਲੀ ਉੱਥੇ ਮਨਾਉਣਗੇ।
ਚੜੂਨੀ ਨੇ ਕਿਹਾ ਕਿ ਇਸ ਲਈ ਸਰਕਾਰ ਨੂੰ ਅਪੀਲ ਹੈ ਕਿ ਅਸੀਂ ਕਿਸਾਨ ਮੋਰਚੇ ਵਿੱਚ ਸ਼ਾਂਤੀਪੂਰਵਕ ਬੈਠੇ ਹਾਂ, ਕੋਈ ਦੰ ਗਾ ਨਹੀਂ ਕਰ ਰਹੇ ਪਰ ਉਸਦੇ ਬਾਵਜੂਦ ਵੀ ਜੇਕਰ ਸਰਕਾਰ ਕਿਸਾਨਾਂ ਦੇ ਨਾਲ ਛੇੜ-ਛਾੜ ਕਰਦੀ ਹੈ ਜਾਂ ਕਿਸਾਨਾਂ ਨੂੰ ਜ਼ਬਰਦਸਤੀ ਉਠਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਪੂਰੇ ਦੇਸ਼ ਦੇ ਕਿਸਾਨ ਦਿੱਲੀ ਕੂਚ ਕਰਨਗੇ। ਚੜੂਨੀ ਨੇ ਸਾਰੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਕਿਸਾਨ ਹਰ ਵਕਤ ਲਈ ਤਿਆਰ ਰਹਿਣ, ਜਦੋਂ ਵੀ ਦਿੱਲੀ ਜਾਣ ਦਾ ਸੱਦਾ ਆਵੇ ਤਾਂ ਉਸੇ ਵੇਲੇ ਹੀ ਦਿੱਲੀ ਕੂਚ ਕਰਨ ਲਈ ਤਿਆਰ ਹੋ ਜਾਣ। ਚਾਹੇ ਇਹ ਸੱਦਾ ਅੱਧੀ ਰਾਤ ਨੂੰ ਹੀ ਕਿਉਂ ਨਾ ਆ ਜਾਵੇ।
ਉੱਧਰ, ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਪ੍ਰਸ਼ਾਸਨ ਵੱਲੋਂ ਜੇਸੀਬੀ ਦੀ ਮਦਦ ਨਾਲ ਗਾਜ਼ੀਪੁਰ ਬਾਰਡਰ ’ਤੇ ਲੱਗੇ ਟੈਂਟਾਂ ਨੂੰ ਉਖਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਕਿਸਾਨ ਥਾਣਿਆਂ ਅਤੇ ਡੀਐਮ ਦਫ਼ਤਰ ਵਿੱਚ ਟੈਂਟ ਲਗਾ ਦੇਣਗੇ। ਟਿਕੈਤ ਨੇ ਅੱਜ ਸਵੇਰੇ ਟਵੀਟ ਕਰਕੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਜ਼ਬਰਦਸਤੀ ਸਰਹੱਦਾਂ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਦੇਸ਼ ਭਰ ਦੇ ਸਰਕਾਰੀ ਦਫਤਰਾਂ ਨੂੰ ਗੱਲਾ ਮੰਡੀ ‘ਚ ਬਦਲ ਦੇਣਗੇ। ਗਾਜ਼ੀਪੁਰ ਬਾਰਡਰ ‘ਤੇ ਰਾਕੇਸ਼ ਟਿਕੈਤ ਨੇ ਪ੍ਰਸ਼ਾਸਨ ਨੂੰ ਖੁੱਲ੍ਹ ਕੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਟੈਂਟ ਹਟਾਏ ਗਏ ਤਾਂ ਨਤੀਜਾ ਚੰਗਾ ਨਹੀਂ ਹੋਵੇਗਾ। ਪ੍ਰਦਰਸ਼ਨਕਾਰੀ ਸਾਰੇ ਥਾਣਿਆਂ ‘ਚ ਆਪਣੇ ਟੈਂਟ ਲਗਾ ਦੇਣਗੇ। ਰਾਕੇਸ਼ ਟਿਕੈਤ ਦੀ ਇਹ ਚਿਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਪੁਲਿਸ ਪ੍ਰਸ਼ਾਸਨ ਨੇ ਗਾਜ਼ੀਪੁਰ ਬਾਰਡਰ ‘ਤੇ ਸੜਕਾਂ ਨੂੰ ਖੋਲ੍ਹ ਦਿੱਤਾ ਹੈ।