India Punjab

ਕਿਸਾਨ ਲੀਡਰ ਚੜੂਨੀ ਨੇ ਸ਼ਾਹਬਾਦ ਪੁਲਿਸ ਨੂੰ ਦਿੱਤੀ ਥਾਣੇ ਦੇ ਅੰਦਰ ਹੀ ਵੜ੍ਹਨ ਦੀ ਚਿਤਾਵਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ 6 ਅਪ੍ਰੈਲ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਕਰਵਾਉਣ ਲਈ 16 ਅਪ੍ਰੈਲ ਨੂੰ ਪੰਚਾਇਤ ਰੱਖਣ ਦਾ ਐਲਾਨ ਕੀਤਾ ਹੈ। ਚੜੂਨੀ ਨੇ ਸਾਰੇ ਲੋਕਾਂ ਨੂੰ ਸਵੇਰੇ 10 ਵਜੇ ਸ਼ਹੀਦ ਊਧਮ ਸਿੰਘ ਟਰੱਸਟ ਬਰਾੜਾ ਰੋਡ, ਸ਼ਾਹਬਾਦ ਪਹੁੰਚਣ ਦੀ ਅਪੀਲ ਕੀਤੀ ਹੈ। ਚੜੂਨੀ ਨੇ ਕਿਹਾ ਕਿ 15 ਅਪ੍ਰੈਲ ਨੂੰ ਗ੍ਰਿਫਤਾਰ ਕੀਤੇ ਹੋਏ ਲੋਕਾਂ ਨੂੰ ਜੇ ਰਿਹਾਅ ਨਾ ਕੀਤਾ ਗਿਆ ਤਾਂ 16 ਅਪ੍ਰੈਲ ਨੂੰ ਸਾਰੇ ਲੋਕ ਥਾਣੇ ਅੰਦਰ ਚਲੇ ਜਾਣਗੇ।

ਚੜੂਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸ਼ਾਹਬਾਦ ਵਿੱਚ 6 ਅਪ੍ਰੈਲ ਨੂੰ ਪੁਲਿਸ ਵੱਲੋਂ ਕਈ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲੇ ਵੀ ਚਾਰ ਕਿਸਾਨ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ‘ਤੇ ਧਾਰਾ 307 ਦਾ ਪਰਚਾ ਦਰਜ ਕੀਤਾ ਗਿਆ ਹੈ। ਚੜੂਨੀ ਨੇ ਕਿਹਾ ਕਿ ਇਸੇ ਸਬੰਧ ਵਿੱਚ 7 ਅਪ੍ਰੈਲ ਨੂੰ ਅਸੀਂ ਇੱਕ ਪੰਚਾਇਤ ਕੀਤੀ ਸੀ ਅਤੇ ਪੁਲਿਸ ਪ੍ਰਸ਼ਾਸਨ ਨੇ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕਰਨ ਲਈ ਤਿੰਨ ਦਿਨਾਂ ਦਾ ਸਮਾਂ ਮੰਗਿਆ ਸੀ ਅਤੇ ਅਸੀਂ ਉਨ੍ਹਾਂ ਨੂੰ 12 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਸੀ। ਪਰ ਉਸ ਤੋਂ ਬਾਅਦ ਜਦੋਂ ਕਿਸਾਨਾਂ ਦੀ ਜ਼ਮਾਨਤ ਲਾਈ ਤਾਂ ਅਦਾਲਤ ਨੇ 15 ਅਪ੍ਰੈਲ ਦੀ ਤਰੀਕ ਦੇ ਦਿੱਤੀ ਹੈ। ਅਸੀਂ ਹੁਣ ਫਿਰ ਪੁਲਿਸ ਨੂੰ 15 ਅਪ੍ਰੈਲ ਦਾ ਸਮਾਂ ਦੇ ਦਿੱਤਾ ਹੈ।