‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਡੀਏਪੀ ਦੀ ਵੱਡੀ ਕਮੀ ਹੈ। ਹਰਿਆਣਾ ਵਿੱਚ ਖਾਸ ਤੌਰ ‘ਤੇ ਡੀਏਪੀ ਦੀ ਵੱਡੀ ਕਮੀ ਹੈ। ਚੜੂਨੀ ਨੇ ਹਰਿਆਣਾ ਸਰਕਾਰ ਨੂੰ ਡੀਏਪੀ ਖਾਦ ਦੀ ਬਲੈਕ ਤੁਰੰਤ ਰੋਕਣ ਲਈ ਕਿਹਾ ਅਤੇ ਅਜਿਹਾ ਨਾ ਹੋਣ ‘ਤੇ ਹਰਿਆਣਾ ਵਿੱਚ ਸਾਰੇ ਖੇਤੀ ਅਧਿਕਾਰੀਆਂ ਦਾ ਘਿਰਾਉ ਕਰਨ ਦੀ ਚਿਤਾਵਨੀ ਦਿੱਤੀ ਹੈ। ਚੜੂਨੀ ਨੇ ਕਿਹਾ ਕਿ ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਬਜਾਏ ਦੁਕਾਨਦਾਰਾਂ ਨੇ ਡੀਏਪੀ ਖਾਦ ਦੀ ਬਲੈਕ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਜਾਂ ਫਿਰ ਦੁਕਾਨਦਾਰ ਡੀਏਪੀ ਖਾਦ ਦੇ ਨਾਲ ਕੋਈ ਹੋਰ ਦਵਾਈ ਜਿਵੇਂ ਕਿ ਜ਼ਿੰਕ ਵਗੈਰਾ ਚਿਪਕਾ ਕੇ ਦੇ ਰਹੇ ਹਨ ਕਿ ਜੇ ਤੁਸੀਂ ਡੀਏਪੀ ਲੈਣੀ ਹੈ ਤਾਂ ਇਹ ਦਵਾਈ ਨਾਲ ਜ਼ਰੂਰੀ ਲੈਣੀ ਪਵੇਗੀ, ਜੋ ਕਿ ਕਈ ਵਾਰ ਕਿਸਾਨ ਦੇ ਕੰਮ ਦੀ ਨਹੀਂ ਹੁੰਦੀ। ਕਈ ਜਗ੍ਹਾ ‘ਤੇ ਖਾਦ ਦਾ ਰੇਟ ਮਹਿੰਗਾ ਕੀਤਾ ਜਾ ਰਿਹਾ ਹੈ। ਚੜੂਨੀ ਨੇ ਹਰਿਆਣਾ ਸਰਕਾਰ ਨੂੰ ਮੰਗ ਕੀਤੀ ਹੈ ਕਿ ਜਿੰਨਾ ਡੀਏਪੀ ਹਰਿਆਣਾ ਵਿੱਚ ਆਉਂਦਾ ਹੈ, ਉਹ ਸਰਕਾਰ ਦੀ ਨਿਗਰਾਨੀ ਵਿੱਚ ਆਉਣਾ ਚਾਹੀਦਾ ਹੈ। ਖੇਤੀ ਅਧਿਕਾਰੀਆਂ ਤੋਂ ਸਰਕਾਰ ਕੰਮ ਲਵੇ, ਇਨ੍ਹਾਂ ਦੀ ਡਿਊਟੀ ਲਗਾਵੇ ਕਿਉਂਕਿ ਕਿਤੇ ਵੀ ਡੀਏਪੀ ਵਿੱਚ ਗੜਬੜੀ ਨਹੀਂ ਹੋਣੀ ਚਾਹੀਦੀ। ਜੇਕਰ ਕਿਤੇ ਵੀ ਡੀਏਪੀ ਵਿੱਚ ਗੜਬੜੀ ਹੋਈ ਤਾਂ ਸਾਰੇ ਡੀਡੀਏ ਨੂੰ ਤਾਲਾ ਲਗਾ ਕੇ ਉਨ੍ਹਾਂ ਨੂੰ ਅੰਦਰ ਡੱਕ ਲਵਾਂਗੇ। ਇਸ ਲਈ ਉਹ ਆਪਣੇ-ਆਪਣੇ ਜ਼ਿਲ੍ਹੇ ਵਿੱਚ ਇਸ ਮਾਮਲੇ ਸਬੰਧੀ ਚੌਕਸ ਹੋ ਜਾਣ।