‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਲਖੀਮਪੁਰ ਖੀਰੀ ਕਤਲ ਕਾਂਡ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਸਾਡੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ‘ਤੇ ਬੀਜੇਪੀ ਵਰਕਰਾਂ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਚੜੂਨੀ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ‘ਤੇ ਤੁਰੰਤ ਮੀਟਿੰਗ ਕਰਕੇ ਕੋਈ ਐਕਸ਼ਨ ਲਵੇ। ਚੜੂਨੀ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਇਸ ਮਾਮਲੇ ਨੂੰ ਹਲਕੇ ਵਿੱਚ ਨਾ ਲਵੇ ਅਤੇ ਜਿਨ੍ਹਾਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਨੂੰ ਤੁਰੰਤ ਛੱਡ ਦੇਵੇ ਅਤੇ ਯੂਪੀ ਸਰਕਾਰ ਹੋਰ ਜਿਹੜੇ ਵੀ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕਰੀ ਬੈਠੀ ਹੈ, ਉਸਨੂੰ ਤੁਰੰਤ ਰੱਦ ਕਰੇ। ਚੜੂਨੀ ਨੇ ਕਿਹਾ ਕਿਸਾਨ ਦੋਸ਼ੀ ਨਹੀਂ ਹੈ ਬਲਕਿ ਮੰਤਰੀ ਦੋਸ਼ੀ ਹਨ। ਚੜੂਨੀ ਨੇ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਅਗਰ ਪੁਲਿਸ ਜਿਸ ਪਿੰਡ ਵਿੱਚ ਵੀ ਹੋਰ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਲਈ ਆਉਂਦੀ ਹੈ ਤਾਂ ਉੱਥੇ ਸਾਰੇ ਕਿਸਾਨ ਤੁਰੰਤ ਇਕੱਠੇ ਹੋ ਜਾਣ ਅਤੇ ਗ੍ਰਿਫਤਾਰ ਕਰਨ ਆਈ ਪੁਲਿਸ ਦਾ ਘਿਰਾਉ ਕਰਨ।