Punjab

ਮੀਤ ਹੇਅਰ ਨੇ ਦਿੱਤਾ ਅਸਤੀਫਾ, ਜਾਣਗੇ ਸੰਸਦ ‘ਚ

ਬਿਉਰੋ ਰਿਪੋਰਟ – ਸੰਗਰੂਰ ਲੋਕ ਸਭਾ ਸੀਟ ਤੋਂ ਡੇਢ ਲੱਖ ਵੋਟਾਂ ਤੋਂ ਵੱਧ ਫਰਕ ਨਾਲ ਜਿੱਤੇ ਆਮ ਆਦਮੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਅਸਤੀਫੇ ਦੀ ਸਮਾਂ ਹੱਦ ਦੇ ਅਖੀਰਲੇ ਦਿਨ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਅਸਤੀਫਾ ਭੇਜਿਆ ਹੈ। ਨਿਯਮਾਂ ਮੁਤਾਬਿਕ ਜੇਕਰ ਕੋਈ ਵਿਧਾਇਕ ਹੈ ਅਤੇ ਉਹ ਲੋਕ ਸਭਾ ਦੀ ਚੋਣ ਜਿੱਤਿਆ ਹੈ ਤਾਂ ਉਸ ਨੂੰ 14 ਦਿਨਾਂ ਦੇ ਅੰਦਰ ਫੈਸਲਾ ਲੈਣਾ ਹੁੰਦਾ ਹੈ ਨਹੀਂ ਤਾਂ ਉਸ ਦੀ ਮੌਜੂਦਾ ਜਿੱਤੀ ਹੋਈ ਸੀਟ ਖਾਲੀ ਐਲਾਨ ਦਿੱਤੀ ਜਾਂਦੀ ਹੈ।

4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਸਨ, ਇਸ ਹਿਸਾਬ ਨਾਲ 18 ਜੂਨ ਅਖੀਰਲਾ ਦਿਨ ਸੀ। ਮੀਤ ਹੇਅਰ ਨੂੰ ਬਰਨਾਲਾ ਦੀ ਵਿਧਾਇਕੀ ਦੇ ਨਾਲ ਮੰਤਰੀ ਦਾ ਅਹੁਦਾ ਵੀ ਛੱਡ ਦਿੱਤਾ ਹੈ। ਉਹ ਮਾਨ ਸਰਕਾਰ ਵਿੱਚ ਖੇਡ ਮੰਤਰੀ ਸਨ, ਬਰਨਾਲਾ ਸੀਟ ‘ਤੇ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਆਏ ਦਲਬੀਰ ਸਿੰਘ ਗੋਲਡੀ ਦੇ ਪਾਰਟੀ ਵੱਲੋਂ ਚੋਣ ਲੜਨ ਦੀ ਚਰਚਾ ਹੈ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ 3 ਹੋਰ ਵਿਧਾਇਕਾਂ ਨੇ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਅਸਤੀਫਾ ਦਿੱਤਾ ਸੀ। ਜਿਸ ਵਿੱਚ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਹਨ, ਉਨ੍ਹਾਂ ਨੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਦੀ ਡੇਰਾ ਬਾਬਾ ਨਾਨਕ ਸੀਟ ਤੋਂ ਪਤਨੀ ਜਾਂ ਪੁੱਤਰ ਚੋਣ ਲੜ ਸਕਦੇ ਹਨ। ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜਿੱਤਣ ਤੋਂ ਬਾਅਦ ਗਿੱਦੜਬਾਹਾ ਵਿਧਾਨ ਸਭਾ ਸੀਟ ਵੀ ਖਾਲੀ ਹੋ ਗਈ ਹੈ, ਪਤਨੀ ਅੰਮ੍ਰਿਤਾ ਵੜਿੰਗ ਦੇ ਚੋਣ ਲੜਨ ਦੀ ਚਰਚਾ ਹੈ। ਇਸ ਤੋਂ ਇਲਾਵਾ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਰਾਜੁ ਕਮਾਰ ਚੱਬੇਵਾਲ ਦੇ ਚੋਣ ਜਿੱਤਣ ਤੋਂ ਬਾਅਦ ਚੱਬੇਵਾਲ ਵਿਧਾਨ ਸਭਾ ਸੀਟ ਵੀ ਹੁਣ ਖਾਲੀ ਹੋ ਗਈ ਹੈ।