‘ਦ ਖ਼ਾਲਸ ਬਿਊਰੋ : ਤਰਨਤਾਰਨ ਵਿੱਚ ਦਿਨ ਦਿਹਾੜੇ ਦੋ ਹਮਲਾਵਰਾਂ ਵੱਲੋਂ ਮਾਰੇ ਗਏ ਦੁਕਾਨਦਾਰ ਗੁਰਜੰਟ ਸਿੰਘ ਦੇ ਪਿਤਾ ਨੇ ਲਖਬੀਰ ਲੰਡਾ ਨੂੰ ਸੰਬੋਧਨ ਹੁੰਦਿਆਂ ਮਾਵਾਂ ਦੇ ਪੁੱਤ ਨਾ ਮਾਰਨ ਦੀ ਸਲਾਹ ਦਿੱਤੀ ਹੈ। ਆਪਣੇ ਪੁੱਤ ਬਾਰੇ ਦੱਸਦਿਆਂ ਪਿਤਾ ਨੇ ਦੱਸਿਆ ਕਿ ਉਸਦਾ ਪੁੱਤ ਪੁਲਿਸ ਦਾ ਮੁਖਬਰੀ ਨਹੀਂ ਸੀ। ਉਨ੍ਹਾਂ ਦੇ ਦੋ ਪੁੱਤ ਹਨ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਨੂੰ 22 ਸਾਲ ਭਾਂਡੇ ਮਾਂਜਦਿਆਂ ਨੂੰ ਹੋ ਗਏ ਪਰ ਫਿਰ ਵੀ ਸਾਡੇ ਸਿਰ ਉੱਤੇ 40 ਲੱਖ ਰੁਪਏ ਦਾ ਕਰਜ਼ਾ ਹੈ। ਸਾਡੇ ਤੋਂ ਲਖਬੀਰ ਲੰਡਾ ਨੇ ਸਾਡੇ ਤੋਂ ਫਿਰੌਤੀ ਮੰਗੀ ਸੀ ਪਰ ਅਸੀਂ ਉਸਨੂੰ ਆਪਣੇ ਸਿਰ ਪਈ 40 ਲੱਖ ਰੁਪਏ ਦੇ ਕਰਜ਼ੇ ਦੀ ਪੰਡ ਬਾਰੇ ਜਦੋਂ ਦੱਸਿਆ ਤਾਂ ਇੱਕ ਵਾਰ ਤਾਂ ਉਹ ਮੰਨ ਗਿਆ ਪਰ ਬਾਅਦ ਵਿੱਚ ਅਰਸ਼ਦੀਪ ਅਤੇ ਉਸਦੀ ਮਾਂ ਦੇ ਕਹਿਣ ਉੱਤੇ ਉਸਨੇ ਮੇਰੇ ਪੁੱਤ ਨੂੰ ਮਰਵਾ ਦਿੱਤਾ।
ਉਨ੍ਹਾਂ ਨੇ ਅਰਸ਼ਦੀਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਰਸ਼ਦੀਪ ਉਨ੍ਹਾਂ ਦਾ ਭਤੀਜਾ ਹੈ। ਉਸਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਉਸਦੀ ਮਾਂ ਆਪਣੇ ਪਤੀ ਦੀ ਮੌਤ ਦਾ ਕਾਰਨ ਸਾਨੂੰ ਦੱਸਦੀ ਸੀ ਕਿ ਸਾਡੇ ਗਾਲ੍ਹਾਂ ਕੱਢਣ ਕਰਕੇ ਉਸਦੀ ਮੌਤ ਹੋਈ ਹੈ। ਗੁਰਜੰਟ ਦੇ ਪਿਤਾ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਆਪਣੇ ਵਿਗੜੇ ਹੋਏ ਪੁੱਤ ਦੀ ਚਿੰਤਾ ਕਰਕੇ ਹੋਈ ਸੀ। ਆਪਣੀ ਪਤੀ ਦੀ ਮੌਤ ਦਾ ਬਦਲਾ ਲੈਣ ਲਈ ਅਰਸ਼ਦੀਪ ਦੀ ਮਾਂ ਨੇ ਚਾਰ ਮਹੀਨੇ ਪਹਿਲਾਂ ਉਸਦੇ ਪੁੱਤ ਨੂੰ ਮਰਵਾਉਣ ਦੀ ਧਮਕੀ ਦਿੱਤੀ ਸੀ।
ਉਨ੍ਹਾਂ ਨੇ ਦੱਸਿਆ ਕਿ ਸਾਡੀ ਅੱਧਾ ਕਿਲ੍ਹਾ ਪੈਲੀ ਸੀ। ਮੇਰੇ ਬੱਚੇ ਨੇ ਬਹੁਤ ਮਿਹਨਤ ਕਰਕੇ ਆਪਣਾ ਕਾਰੋਬਾਰ ਸੈੱਟ ਕੀਤਾ ਸੀ ਜਿਹੜਾ ਇਨ੍ਹਾਂ ਕੋਲੋਂ ਜਰਿਆ ਨਹੀਂ ਗਿਆ। ਉਹਨਾਂ ਨੇ ਮੂਸੇਵਾਲਾ ਦੇ ਪਿਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜੋ ਕਿਹਾ, ਉਹੀ ਅੱਜ ਮੇਰੇ ਨਾਲ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਮੂਸੇਵਾਲਾ ਦੇ ਦੋਸ਼ੀਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ ਤਾਂ ਮੇਰੇ ਪੁੱਤ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਕਿਵੇਂ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਉੱਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਲਾਰਿਆਂ ਵਿੱਚ ਸਰਦਾਰ ਬਣਾ ਕੇ ਪੁੱਤ ਮਰਵਾਈ ਜਾਂਦਾ ਹੈ। ਜੇਲ੍ਹਾਂ ਵਿੱਚ ਫੋਨ ਦੇ ਦੇ ਕੇ ਫੋਨ ਪੁੱਤ ਮਰਵਾਈ ਜਾਂਦੇ ਹਨ। ਉਨ੍ਹਾਂ ਨੇ ਲਖਬੀਰ ਲੰਡਾ ਨੂੰ ਲੋਕਾਂ ਦੇ ਪੁੱਤ ਨਾ ਮਰਵਾਉਣ ਦੀ ਨਸੀਹਦ ਦਿੰਦਿਆਂ ਕਿਹਾ ਕਿ ਫਿਰੌਤੀ ਲੈਣ ਤੋਂ ਪਹਿਲਾਂ ਜਾਂਚ ਤਾਂ ਕਰ ਲਵੇ ਕਿ ਕੌਣ ਸਹੀ ਹੈ ਅਤੇ ਕੌਣ ਗਲਤ। ਗੁਰਜੰਟ ਦੇ ਪਿਤਾ ਨੇ ਕਿਹਾ ਕਿ ਲੰਡਾ ਦੀ 40 ਕਿਲ੍ਹੇ ਪੈਲੀ ਹੈ ਪਰ ਫਿਰ ਵੀ ਉਹ ਇਹ ਪਾਪ ਕਮਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਅਰਸ਼ਦੀਪ ਦੀ ਮਾਂ ਅਤੇ ਉਸਦੇ ਪੂਰੇ ਪਰਿਵਾਰ ਦਾ ਲਖਬੀਰ ਲੰਡਾ ਨਾਲ ਪੂਰਾ ਸੰਪਰਕ ਹੈ। ਅਰਸ਼ਦੀਪ ਦੀ ਮਾਂ ਹਾਲੇ ਵੀ ਲੰਡਾ ਨਾਲ ਫੋਨ ਉੱਤੇ ਸੰਪਰਕ ਵਿੱਚ ਹੈ ਪਰ ਪੁਲਿਸ ਉਸਦੀ ਮਾਂ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕਰ ਰਹੀ ਹੈ। ਉਸਦੇ ਪਿਤਾ ਨੇ ਕਿਹਾ ਕਿ ਤੂੰ ਭਾਵੇਂ ਮੈਨੂੰ ਮਾਰ ਦੇ, ਮੇਰੇ ਪੁੱਤ ਨੂੰ ਤਾਂ ਮਾਰ ਦਿੱਤਾ ਹੈ ਪਰ ਰੱਬ ਤੇਰੇ ਨਾਲ ਨਿਆਂ ਕਰੇਗਾ।