The Khalas Tv Blog Khaas Lekh ਮਹਾਂਮਾਰੀ ਦੇ ਦਿਨਾਂ ‘ਚ ਸਭ ਤੋਂ ਛੋਟੀ ਉਮਰ ਦੇ ਗੁਰੂ ਸਾਹਿਬ ਜੀ ਦਾ ਜੀਵਨ ਦੇ ਜਾਵੇਗਾ ਵੱਡੀ ਸਿੱਖਿਆ
Khaas Lekh Khalas Tv Special Religion

ਮਹਾਂਮਾਰੀ ਦੇ ਦਿਨਾਂ ‘ਚ ਸਭ ਤੋਂ ਛੋਟੀ ਉਮਰ ਦੇ ਗੁਰੂ ਸਾਹਿਬ ਜੀ ਦਾ ਜੀਵਨ ਦੇ ਜਾਵੇਗਾ ਵੱਡੀ ਸਿੱਖਿਆ

ਅੱਠਵੀਂ ਜੋਤ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ ਹੈ

‘ਦ ਖ਼ਾਲਸ ਬਿਊਰੋ  (ਪੁਨੀਤ ਕੌਰ) :  “ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ।।” ਅਰਦਾਸ ਵਿੱਚ ਦਰਜ ਇਹ ਸ਼ਬਦ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਸਮਰਪਿਤ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅੱਠਵੀਂ ਜੋਤ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ 7 ਜੁਲਾਈ, 1656 ਈ: ਨੂੰ ਪਿਤਾ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿਨ੍ਹਾਂ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ। ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਪੰਜ ਸਾਲ ਦੀ ਉਮਰ ਵਿੱਚ ਹੀ ਗੁਰਿਆਈ ਮਿਲੀ ਸੀ ਅਤੇ ਅੱਠ ਸਾਲ ਦੀ ਉਮਰ ਵਿੱਚ ਉਹ ਜੋਤੀ ਜੋਤ ਸਮਾ ਗਏ ਸਨ। ਆਪ ਜੀ ਨੇ ਆਪਣੀ ਬਾਲ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ ਵਿੱਚ ਜਿਸ ਸੂਝ, ਸਿਆਣਪ, ਦ੍ਰਿੜਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ ਉਹ ਆਪਣੇ-ਆਪ ਵਿੱਚ ਇੱਕ ਵੱਡੀ ਮਿਸਾਲ ਸੀ ਤੇ ਆਪ ਜੀ ਨੇ ਇਹ ਸਿੱਧ ਕਰ ਦਿੱਤਾ ਕਿ ਉਮਰ ਬੁੱਧੀਮਾਨਤਾ ਤੇ ਆਤਮ ਗਿਆਨ ਵਿੱਚ ਕੋਈ ਰੁਕਾਵਟ ਨਹੀਂ ਹੈ। ਅੱਜ ਗੁਰੂ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ ਮਨਾ ਰਹੇ ਹਾਂ ਅਤੇ ‘ਦ ਖ਼ਾਲਸ ਟੀਵੀ ਵੱਲੋਂ ਆਪ ਜੀ ਨੂੰ ਗੁਰੂ ਸਾਹਿਬ ਜੀ ਦੇ ਗੁਰਗੱਦੀ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ।

ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਨੂੰ ਖੁਸ਼ ਕਰਨ ਦੀ ਖਾਤਰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ, ਕਹਿ ਦਿੱਤਾ ਸੀ। ਇਸ ‘ਤੇ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਰਾਮਰਾਇ ਤੋਂ ਮੂੰਹ ਮੋੜ ਲਿਆ ਅਤੇ ਗੁਰਗੱਦੀ ਦੀ ਜਿੰਮੇਵਾਰੀ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਮਿਲੀ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ।

ਆਪ ਜੀ ਦੇ ਵੱਡੇ ਭਰਾ ਦਾ ਨਾਂ ਰਾਮਰਾਏ ਸੀ। ਜਦੋਂ ਔਰੰਗਜ਼ੇਬ ਨੇ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਸੀ ਤਾਂ ਗੁਰੂ ਜੀ ਨੇ ਆਪਣੀ ਥਾਂ ਰਾਮ ਰਾਏ ਨੂੰ ਗੁਰਮਤਿ ਦੇ ਸਿਧਾਂਤ ਸਪੱਸ਼ਟ ਕਰਨ ਲਈ ਭੇਜਿਆ ਸੀ। ਰਾਮ ਰਾਏ ਨੇ ਪਹਿਲਾਂ ਤਾਂ ਬਾਦਸ਼ਾਹ ਔਰੰਗਜ਼ੇਬ ਨੂੰ ਆਪਣੀ ਪ੍ਰਤਿਭਾ ਨਾਲ ਬਹੁਤ ਪ੍ਰਭਾਵਿਤ ਕੀਤਾ ਤੇ ਬਾਅਦ ਵਿੱਚ ਕਰਾਮਾਤਾਂ ਦਿਖਾਈਆਂ। ਇਸ ਤੋਂ ਬਾਅਦ ਮੁਲਾਣਿਆਂ ਦੇ ਕਹਿਣ ‘ਤੇ ਔਰੰਗਜ਼ੇਬ ਨੇ ਰਾਮਰਾਏ ਨੂੰ ਪੁੱਛਿਆ ਕਿ ਤੁਹਾਡੇ ਗ੍ਰੰਥ ਵਿੱਚ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਲਿਖ ਕੇ ਇਸਲਾਮ ਧਰਮ ਦੀ ਨਿੰਦਾ ਕੀਤੀ ਗਈ ਹੈ।

ਰਾਮਰਾਏ ਨੇ ਬਾਦਸ਼ਾਹ ‘ਤੇ ਆਪਣਾ ਬਣਿਆ ਪ੍ਰਭਾਵ ਕਾਇਮ ਰੱਖਣ ਲਈ ਕਿਹਾ ਕਿ ਅਸਲ ਸ਼ਬਦ ‘ਮਿਟੀ ਬੇਈਮਾਨ ਕੀ ਪੇੜੈ ਪਈ ਕੁਮਿਆਰ’ ਹੈ ਪਰ ਲਿਖਾਰੀ ਦੀ ਗਲਤੀ ਕਾਰਨ ‘ਮੁਸਲਮਾਨ’ ਲਿਖਿਆ ਗਿਆ ਹੈ। ਗੁਰਬਾਣੀ ਦੀ ਬੇਅਦਬੀ ਕਰਨ ਕਰਕੇ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਉਸ ਨੂੰ ਗੁਰਗੱਦੀ ਤੋਂ ਵਾਂਝਾ ਕਰ ਦਿੱਤਾ ਅਤੇ ਸਦਾ ਲਈ ਤਿਆਗ ਦਿੱਤਾ। ਇਸ ਤਰ੍ਹਾਂ ਰਾਮ ਰਾਇ ਨੇ ਆਪ ਜੀ ਦੀ ਵਿਰੋਧਤਾ ਜਾਰੀ ਰੱਖੀ।

ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਵੱਡੇ ਭਰਾ ਰਾਮਰਾਏ ਨੇ ਫਿਰ ਬਾਦਸ਼ਾਹ ਔਰੰਗਜ਼ੇਬ ਕੋਲ ਫਰਿਆਦ ਕੀਤੀ ਕਿ ਮੇਰੇ ਪਿਤਾ ਨੇ ਮੇਰਾ ਹੱਕ ਮਾਰ ਕੇ ਮੇਰੇ ਛੋਟੇ ਭਰਾ ਨੂੰ ਗੁਰਗੱਦੀ ਅਤੇ ਜਾਇਦਾਦ ਦੇ ਦਿੱਤੀ ਹੈ। ਇਹ ਸਭ ਕੁੱਝ ਤਾਂ ਹੋਇਆ ਕਿਉਂਕਿ ਮੈਂ ਤੁਹਾਡਾ ਹੁਕਮ ਮੰਨਦਾ ਹਾਂ। ਰਾਮਰਾਏ ਦੀ ਫਰਿਆਦ ਸੁਣ ਕੇ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਹੁਕਮ ਕੀਤਾ ਕਿ ਉਹ ਗੁਰੂ ਸਾਹਿਬ ਨੂੰ ਦਿੱਲੀ ਬੁਲਾਏ।

ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸਰਾਮ ਨੂੰ ਗੁਰੂ ਸਾਹਿਬ ਜੀ ਨੂੰ ਸਤਿਕਾਰ ਸਹਿਤ ਦਿੱਲੀ ਲਿਆਉਣ ਲਈ ਭੇਜਿਆ। ਦੀਵਾਨ ਕੀਰਤਪੁਰ ਪਹੁੰਚਿਆ ਤੇ ਗੁਰੂ ਸਾਹਿਬ ਨੂੰ ਦਿੱਲੀ ਜਾਣ ਲਈ ਬੇਨਤੀ ਕੀਤੀ। ਗੁਰੂ ਸਾਹਿਬ ਜੀ ਨੇ ਦੀਵਾਨ ਨੂੰ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਕੋਈ ਇਨਕਾਰ ਨਹੀਂ ਹੈ ਪਰ ਉਹ ਔਰੰਗਜ਼ੇਬ ਵਰਗੇ ਬਾਦਸ਼ਾਹ ਦਾ ਮੂੰਹ ਨਹੀਂ ਵੇਖਣਗੇ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਆਪਣੀ ਮਾਤਾ ਅਤੇ ਸਿੱਖ ਸੰਗਤਾਂ ਨਾਲ ਸਲਾਹ ਕਰਕੇ ਦਿੱਲੀ ਜਾਣ ਦਾ ਫ਼ੈਸਲਾ ਕੀਤਾ।

ਗੁਰੂ ਜੀ ਦੇ ਤੁਰਨ ਸਮੇਂ ਸਿੱਖ ਸੰਗਤਾਂ ਦੀ ਭਾਰੀ ਭੀੜ ਕੀਰਤਪੁਰ ਆ ਗਈ। ਗੁਰੂ ਸਾਹਿਬ ਜੀ ਨੇ ਸਭ ਨੂੰ ਧੀਰਜ ਤੇ ਦਿਲਾਸਾ ਦਿੱਤਾ ਪਰ ਫਿਰ ਵੀ ਸੈਂਕੜੇ ਸਿੱਖ ਆਪ ਜੀ ਦੇ ਨਾਲ ਚੱਲ ਪਏ। ਅੰਬਾਲੇ ਜ਼ਿਲ੍ਹੇ ਦੇ ਕਸਬੇ ਪੰਜੋਖਰੇ ਪਹੁੰਚ ਕੇ ਗੁਰੂ ਜੀ ਨੇ ਕੁੱਝ ਉੱਘੇ ਸਿੱਖਾਂ ਤੋਂ ਬਿਨਾਂ ਬਾਕੀ ਸਭ ਨੂੰ ਵਾਪਸ ਮੋੜ ਦਿੱਤਾ। ਗੁਰੂ ਜੀ ਨੇ ਪਹਿਲੀ ਰਾਤ ਪੰਜੋਖਰੇ ਕੱਟੀ। ਉੱਥੇ ਆਪ ਜੀ ਦੀ ਮੁਲਾਕਾਤ ਇੱਕ ਹੰਕਾਰੀ ਪੰਡਿਤ ਲਾਲਚੰਦ ਨਾਲ ਹੋਈ।

ਉਸ ਨੇ ਆਪ ਜੀ ਨੂੰ ਕਿਹਾ ਕਿ ਸਿੱਖ ਤੁਹਾਨੂੰ ਗੁਰੂ ਹਰਿਕ੍ਰਿਸ਼ਨ ਕਹਿੰਦੇ ਹਨ। ਦੁਆਪਰ ਯੁੱਗ ਦੇ ਕ੍ਰਿਸ਼ਨ ਜੀ ਨੇ ਗੀਤਾ ਰਚੀ ਸੀ। ਉਸ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਤੁਸੀਂ ਉਸ ਦੇ ਅਰਥ ਕਰੋ। ਸਤਿਗੁਰੂ ਜੀ ਨੇ ਕਿਹਾ ਕਿ ਅਸੀਂ ਤਾਂ ਅਕਾਲ ਪੁਰਖ ਦੇ ਸੇਵਕ ਹਾਂ। ਕਲਾ ਅਕਾਲ ਪੁਰਖ ਦੀ ਹੀ ਵਰਤਦੀ ਹੈ। ਜੇ ਤੂੰ ਕਲਾ ਦੇਖਣੀ ਹੈ ਤਾਂ ਆਪਣੇ ਨਗਰ ਵਿੱਚੋਂ ਕੋਈ ਵੀ ਬੰਦਾ ਲਿਆ ਕੇ ਗੀਤਾ ਦੇ ਅਰਥ ਕਰਵਾ ਲੈਣ। ਪੰਡਿਤ ਗੁਰੂ ਜੀ ਦੇ ਕਹਿਣ ‘ਤੇ ਨਗਰ ਗਿਆ ਅਤੇ ਉੱਥੋਂ ਇੱਕ ਛੱਜੂ ਨਾਮੀ ਅਨਪੜ੍ਹ ਝਿਊਰ ਨੂੰ ਨਾਲ ਲੈ ਆਇਆ।

ਗੁਰੂ ਸਾਹਿਬ ਜੀ ਨੇ ਉਸ ਨੂੰ ਕਿਹਾ ਕਿ ਉਹ ਪੰਡਿਤ ਨੂੰ ਗੀਤਾ ਦੇ ਅਰਥ ਕਰਕੇ ਦੱਸੇ। ਗੁਰੂ ਜੀ ਨੇ ਉਸ ਦੇ ਸਿਰ ‘ਤੇ ਸੋਟੀ ਰੱਖ ਦਿੱਤੀ ਅਤੇ ਨੇਤਰਾਂ ਵਿੱਚ ਨੇਤਰ ਪਾਏ। ਪੰਡਿਤ ਨੇ ਗੀਤਾ ਦੇ ਔਖੇ ਤੋਂ ਔਖੇ ਸਲੋਕਾਂ ਦੇ ਅਰਥ ਪੁੱਛੇ, ਜਿਨ੍ਹਾਂ ਦੇ ਉਸ ਨੇ ਤੁਰੰਤ ਅਰਥ ਕਰ ਦਿੱਤੇ। ਇਸ ਤਰ੍ਹਾਂ ਉਹ ਪੰਡਿਤ ਵੀ ਹੈਰਾਨ ਰਹਿ ਗਿਆ ਤੇ ਗੁਰੂ ਸਾਹਿਬ ਜੀ ਦੇ ਚਰਨੀਂ ਡਿੱਗ ਗਿਆ ਤੇ ਇਸ ਤੋਂ ਬਾਅਦ ਉਹ ਸਿੱਖ ਬਣ ਗਿਆ।

ਜਦੋਂ ਦਿੱਲੀ ਵਿੱਚ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ ਤਾਂ ਗੁਰੂ ਜੀ ਆਪਣੇ ਸਿੱਖਾਂ ਨਾਲ ਰੋਗੀਆਂ ਦੀ ਸੇਵਾ ਵਿੱਚ ਦਿਨ-ਰਾਤ ਲੱਗੇ ਰਹਿੰਦੇ ਸਨ। ਅਨੇਕਾਂ ਹੀ ਰੋਗੀ ਗੁਰੂ ਸਾਹਿਬ ਜੀ ਤੋਂ ਇਲਾਜ ਕਰਵਾ ਕੇ ਠੀਕ ਹੋਣ ਲੱਗੇ। ਸਾਰਾ-ਸਾਰਾ ਦਿਨ ਬਿਮਾਰਾਂ ਵਿੱਚ ਰਹਿ ਕੇ ਚੇਚਕ ਦੀ ਬਿਮਾਰੀ ਨੇ ਗੁਰੂ ਜੀ ਨੂੰ ਵੀ ਆ ਘੇਰਿਆ। ਗੁਰੂ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਆਉਂਦਾ ਵੇਖ ਸਾਰੇ ਮੌਜੂਦ ਸਿੱਖਾਂ ਨੂੰ ਕਿਹਾ ਕਿ ‘ਗੁਰੂ ਬਾਬਾ ਬਕਾਲੇ’ ਜਿਸਦਾ ਭਾਵ ਸੀ ਕਿ ਅਗਲਾ ਗੁਰੂ ਬਾਬਾ ਬਕਾਲੇ ਪਿੰਡ ਵਿੱਚ ਹੈ। 30 ਮਾਰਚ,1664 ਈਸਵੀ ਨੂੰ ਗੁਰੂ ਜੀ ਜੋਤੀ ਜੋਤਿ ਸਮਾ ਗਏ।

ਜਮਨਾ ਦੇ ਕੰਢੇ, ਜਿਸ ਜਗ੍ਹਾ ਆਪ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ, ਉਸ ਜਗ੍ਹਾ ਹੁਣ ਬਾਲਾ ਸਾਹਿਬ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਜੋਤੀ-ਜੋਤ ਸਮਾਉਣ ਵੇਲੇ ਆਪ ਜੀ ਦੀ ਉਮਰ ਕਰੀਬ ਪੌਣੇ ਕੁ ਅੱਠ ਸਾਲ ਦੀ ਸੀ। ਆਪ ਜੀ ਨੇ ਢਾਈ ਕੁ ਸਾਲ ਹੀ ਗੁਰਿਆਈ ਕੀਤੀ। ਅਜੋਕੇ ਵਿਦਵਾਨਾਂ ਅਤੇ ਕਈ ਗਲਤ ਸੰਸਥਾਵਾਂ ਦੇ ਅਧੀਨ ਹੋ ਚੁੱਕੇ ਵਿਦਵਾਨਾਂ ਨੇ ਗੁਰੂ ਸਾਹਿਬ ਜੀ ‘ਤੇ ਸਵਾਲ ਕਰਦਿਆਂ ਲਿਖਿਆ ਕਿ ਇੱਕ ਪੰਜ ਸਾਲ ਦਾ ਬਾਲਕ ਕੌਮ ਦੀ ਅਗਵਾਈ ਕਿਵੇਂ ਕਰ ਸਕਦਾ ਹੈ। ਦਰਅਸਲ, ਇਹ ਸਿੱਧੇ ਰੂਪ ਵਿੱਚ ਅਸ਼ਟਮ ਬਲਬੀਰ, ਜਿਨ੍ਹਾਂ ਨੂੰ ਭਾਈ ਨੰਦ ਲਾਲ ਜੀ ਨੇ ਆਪਣੀ ਰਚਨਾ ਦੇ ਵਿੱਚ ਸਲਤਨਤ-ਏ-ਅਸ਼ਟਮ ਕਹਿ ਕੇ ਸੰਬੋਧਨ ਕੀਤਾ ਹੈ, ਨੇ ਲਿਖਿਆ ਕਿ ਅੱਠਵੇਂ ਗੁਰੂ ਦਾ ਰਾਜ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਦਰ ਸੁਖਾਵਤ ਦਾ ਐਸਾ ਦਰ ਹੈ ਜਿਹੜਾ ਸਾਰਿਆਂ ਦੇ ਵਾਸਤੇ ਖੁੱਲ੍ਹਾ ਹੈ।

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ।।

ਦੁਨੀਆ ਦੀਆਂ ਸਾਰੀਆਂ ਇਲਾਜ ਪ੍ਰਣਾਲੀਆਂ ਕਹਿੰਦੀਆਂ ਹਨ ਕਿ ਰੋਗੀ ‘ਤੇ ਸਾਰਾ ਧਿਆਨ ਕੇਂਦਰਿਤ ਕਰਨ ਨਾਲ ਉਸਦਾ ਰੋਗ ਠੀਕ ਕੀਤਾ ਜਾ ਸਕਦਾ ਹੈ ਪਰ ਇੱਥੇ ਤਾਂ ਕੇਵਲ ਦਰਸ਼ਨ ਕਰਨ ਨਾਲ ਹੀ ਦੁੱਖ ਦੂਰ ਹੋ ਜਾਂਦੇ ਹਨ।

Exit mobile version