Punjab

ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ‘ਤੇ ਰੋਕ ਲੱਗੀ ! ਧੁੱਸੀ ਬੰਨ੍ਹ ਟੁੱਟਿਆ ਇਸ ਦਰਿਆ ਦਾ ਪਾਣੀ ਲਾਂਘੇ ਤੱਕ ਪਹੁੰਚਿਆ !

ਬਿਊਰੋ ਰਿਪੋਰਟ : ਗੁਰਦਾਸਪੁਰ ਜ਼ਿਲ੍ਹੇ ਵਿੱਚ ਉਜ ਅਤੇ ਰਾਵੀ ਨਦੀ ਵਿੱਚ ਪਾਣੀ ਦਾ ਪੱਧਰ ਕਾਫ਼ੀ ਤਬਾਹੀ ਮਚਾ ਰਿਹਾ ਹੈ। ਧੁੱਸੀ ਬੰਨ੍ਹ ਟੁੱਟਣ ਨਾਲ ਡੇਰਾ ਬਾਬਾ ਨਾਨਕ ਦੇ ਕੋਲ ਕਰਤਾਰਪੁਰ ਲਾਂਘੇ ਦੇ ਰਸਤੇ ਰਾਵੀ ਦਰਿਆ ਦਾ ਪਾਣੀ ਭਰ ਗਿਆ ਹੈ । ਅਜਿਹੇ ਵਿੱਚ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ‘ਤੇ ਫ਼ਿਲਹਾਲ ਰੋਕ ਲੱਗਾ ਦਿੱਤੀ ਗਈ ਹੈ ।

ਪਾਕਿਸਤਾਨ ਵੱਲੋਂ ਰਾਵੀ ਦੇ ਪਾਣੀ ਦਾ ਵਹਾਅ ਕਰਤਾਰਪੁਰ ਲਾਂਘੇ ਦੇ ਨਾਲ ਧੁੱਸੀ ਬੰਨ੍ਹ ਤੱਕ ਆ ਜਾਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ । ਸਰਕਾਰ ਪਾਕਿਸਤਾਨ ਅਥਾਰਿਟੀ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਰਸਤੇ ਵਿੱਚ ਪੈਣ ਵਾਲੇ ਰਾਵੀ ਦੇ ਪਾਣੀ ਦੀ ਰਿਪੋਰਟ ਲੈ ਰਹੀ ਹੈ ।

ਜਾਣਕਾਰਾਂ ਮੁਤਾਬਕ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਹੈ ਕਿ ਰਾਵੀ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਦੇ ਬਾਵਜੂਦ ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਲਾਂਘੇ ਨੂੰ ਕੋਈ ਖ਼ਤਰਾ ਨਹੀਂ ਹੈ। ਇਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ । ਬੇਸ਼ੱਕ ਸਵੇਰੇ ਗਲਿਆਰੇ ਦੇ ਕੋਲ ਧੁੱਸੀ ਬੰਨ੍ਹ ਤੋਂ ਹੁੰਦੇ ਹੋਏ ਪਾਕਿਸਤਾਨ ਵੱਲ ਰਾਵੀ ਦਰਿਆ ਦਾ ਕੁਝ ਪਾਣੀ ਜ਼ਰੂਰ ਆਇਆ ਹੈ । ਪਰ ਇਹ ਪਾਣੀ ਧੁੱਸੀ ਬੰਨ੍ਹੇ ਦੇ ਪਾਰ ਪਾਕਿਸਤਾਨ ਵੱਲੋਂ ਦਰਸ਼ਨ ਵਾਲੀ ਥਾਂ ਦੇ ਕੋਲ ਹੈ । ਇਸ ਪਾਣੀ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ, ਧੁੱਸੀ ਬੰਨ੍ਹ ਅਤੇ ਦਰਸ਼ਨ ਵਾਲੀ ਥਾਂ ਨੂੰ ਕੋਈ ਖ਼ਤਰਾ ਨਹੀਂ ਹੈ ।

ਉਨ੍ਹਾਂ ਨੇ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ ਅਤੇ ਹਾਲਤਾਂ ‘ਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ । ਇਹ ਪਾਣੀ ਪਾਕਿਸਤਾਨ ਵੱਲ ਕਿਵੇਂ ਗਿਆ ਇਸ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਰਾਵੀ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਦੀ ਵਜ੍ਹਾ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਅੱਜ ਰੋਕ ਦਿੱਤੇ ਗਏ। ਸੁਰੱਖਿਆ ਨੂੰ ਧਿਆਨ ਵਿੱਚ ਰੱਖ ਦੇ ਹੋਏ ਇਹ ਕਦਮ ਚੁੱਕਿਆ ਗਿਆ। ਇਸ ਵੇਲੇ ਰਾਵੀ ਦਾ ਪਾਣੀ ਲਗਾਤਾਰ ਵੱਧ ਰਿਹਾ ਹੈ, ਇਸ ਲਈ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਵੇਖ ਦੇ ਹੋਏ ਉਨ੍ਹਾਂ ਨੂੰ ਰੋਕਿਆ ਗਿਆ ਹੈ ।

ਜੰਮੂ ਦੇ ਉਜ ਡੈਮ ਤੋਂ ਛੱਡਿਆ ਪਾਣੀ ਮੁਸਬਤ ਬਣਿਆ

ਕੁਝ ਦਿਨਾਂ ਤੋਂ ਪੰਜਾਬ ਵਿੱਚ ਹੜ੍ਹ ਵਰਗੇ ਹਾਲਾਤ ਹਨ । ਉਜ ਦਰਿਆ ਵਿੱਚ 2.60 ਲੱਖ ਕਿਊਸੇਕ ਪਾਣੀ ਛੱਡਣ ਨਾਲ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ । ਜਿਸ ਦੀ ਵਜ੍ਹਾ ਕਰਕੇ ਮਕੌੜਾ ਅਤੇ ਡੇਰਾ ਬਾਬਾ ਨਾਨਕ ਵਿੱਚ ਧਰਮਕੋਟ ਪਤਨ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ । ਫ਼ੌਜ ਅਤੇ BSF ਰਾਹਤ ਦੇ ਕੰਮ ਵਿੱਚ ਲੱਗੀ ਹੈ । ਕਰਤਾਰਪੁਰ ਲਾਂਘੇ ਦੇ ਕੋਲ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਹੈ ਉਨ੍ਹਾਂ ਦਾ ਕਹਿਣਾ ਹੈ ਹੜ੍ਹ ਦੇ ਪਾਣੀ ਨਾਲ ਕਾਫ਼ੀ ਨੁਕਸਾਨ ਹੋਇਆ ਹੈ ।