ਬਿਊਰੋ ਰਿਪੋਰਟ : ਖਾਲਸਾ ਵਹੀਰ ‘ਤੇ ਨਿਕਲੇ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਗੁਰੂ ਘਰ ਵਿੱਚ ਮਰਿਆਦਾ ਅਤੇ ਸਤਿਕਾਰ ਨੂੰ ਲੈਕੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਗੁਰੂ ਘਰਾਂ ਵਿੱਚ ਸੰਗਤਾਂ ਦੇ ਬੈਠਣ ਲਈ ਰੱਖੀਆਂ ਕੁਰਸੀਆਂ ਅਤੇ ਸੈਟੀਆਂ ਨੂੰ ਫੌਰਨ ਹਟਾਉਣ ਲਈ ਕਿਹਾ ਹੈ । ਭਾਈ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਗੁਰੂ ਘਰਾਂ ਵਿੱਚ ਚਰਚ ਕਲਚਰ ਨੂੰ ਪਰਮੋਟ ਕੀਤਾ ਜਾ ਰਿਹਾ ਹੈ । ਪਹਿਲਾਂ ਇੱਕ ਕੁਰਸੀ ਆਈ ਫਿਰ ਹੋਲੀ-ਹੋਲੀ ਪੂਰਾ ਗੁਰਦੁਆਰਾ ਕੁਰਸੀਆਂ ਅਤੇ ਸੈਟੀਆਂ ਨਾਲ ਭਰ ਗਿਆ ਹੈ। ਭਾਈ ਸਾਹਿਬ ਨੇ ਕਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਨੂੰ ਵੀ ਬਰਾਬਰ ਵਿੱਚ ਬੈਠਣ ਦੀ ਇਜਾਜ਼ਤ ਨਹੀ ਹੈ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹ ਗੁਨਾਹ ਕਰ ਰਿਹਾ ਹੈ । ਉਨ੍ਹਾਂ ਨੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਫੌਰਨ ਇਸ ਨੂੰ ਹਟਾਉਣ ਦੀ ਅਪੀਲ ਕੀਤੀ ਹੈ ਨਹੀਂ ਤਾਂ ਸਖ਼ਤੀ ਨਾਲ ਫੈਸਲਾ ਲਾਗੂ ਕਰਵਾਉਣ ਦੀ ਚੇਤਾਵਨੀ ਵੀ ਦਿੱਤੀ ਹੈ । ਭਾਈ ਅੰਮ੍ਰਿਤਪਾਲ ਦੇ ਕਹਿਣ ‘ਤੇ ਇੱਕ ਕਪੂਰਥਲਾ ਦੇ ਬਿਹਾਰੀਪੁਰ ਦੇ ਗੁਰਦੁਆਰੇ ਤੋਂ ਕੁਰਸੀਆਂ ਅਤੇ ਸੈਟੀਆਂ ਨੂੰ ਹਟਾਉਣ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ।
ਭਾਈ ਅੰਮ੍ਰਿਤਪਾਲ ਸਿੰਘ ਦੇ ਨਿਰਦੇਸ਼ਾਂ ‘ਤੇ ਉਨ੍ਹਾਂ ਦੇ ਨਾਲ ਚੱਲ ਰਹੀ ਖਾਲਸਾ ਵਹੀਰ ਦੀ ਸੰਗਤਾਂ ਨੇ ਇੱਕ ਕਪੂਰਥਲਾ ਦੇ ਬਿਹਾਰੀਪੁਰ ਗੁਰਦੁਆਰੇ ਵਿੱਚ ਰੱਖੀਆਂ ਕੁਰਸੀਆਂ ਅਤੇ ਸੈਟੀਆਂ ਨੂੰ ਪਹਿਲਾਂ ਗੁਰੂ ਘਰ ਤੋਂ ਬਾਹਰ ਕੱਢਿਆ ਫਿਰ ਉਸ ਨੂੰ ਤੋੜ ਕੇ ਅਗਨ ਭੇਟ ਕੀਤਾ ਹੈ। ਸੰਗਤਾਂ ਦਾ ਕਹਿਣਾ ਸੀ ਅਜਿਹੀ ਕੁਰਸੀਆਂ ਨੂੰ ਕਿਸੇ ਘਰ ਵਿੱਚ ਨਹੀਂ ਰੱਖਿਆ ਜਾ ਸਕਦਾ ਹੈ ਇਸ ਲਈ ਇਸ ਨੂੰ ਸਾੜ ਦਿੱਤਾ ਗਿਆ ਹੈ। ਖਾਲਸਾ ਵਹੀਰ ਵਿੱਚ ਸ਼ਾਮਲ ਸੰਗਤ ਨੇ ਕਿਹਾ ਜੇਕਰ ਮਾਰਚ ਦੌਰਾਨ ਕਿਸੇ ਹੋਰ ਗੁਰੂ ਘਰ ਵਿੱਚ ਵੀ ਕੁਰਸੀਆਂ ਅਤੇ ਸੈਟੀਆਂ ਮਿਲਿਆਂ ਤਾਂ ਉਸ ਦਾ ਅਜਿਹਾ ਹੀ ਹਾਲ ਕੀਤਾ ਜਾਵੇਗਾ । ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਰਕ ਸੀ ਬਜ਼ੁਰਗਾਂ ਜਿੰਨਾਂ ਨੂੰ ਬੈਠਣ ਦੀ ਤਕਲੀਫ ਹੁੰਦੀ ਹੈ ਉਨ੍ਹਾਂ ਦੇ ਲਈ ਇਹ ਕੁਰਸੀਆਂ ਰੱਖੀਆਂ ਗਈਆਂ ਸਨ। ਜਦਕਿ ਖਾਲਸਾ ਵਹੀਰ ਵਿੱਚ ਸ਼ਾਮਲ ਸੰਗਤ ਨੇ ਕਿਹਾ ਜੇਕਰ ਕੋਈ ਗੋਡੇ ਦੀ ਤਕਲੀਫ ਦੀ ਵਜ੍ਹਾ ਦੇ ਬਾਵਜੂਦ ਗੁਰੂ ਘਰ ਆ ਸਕਦਾ ਹੈ ਤਾਂ ਉਹ ਹੇਠਾਂ ਵੀ ਬੈਠ ਸਕਦਾ ਹੈ। ਉਨ੍ਹਾਂ ਨੇ ਕਿਹਾ ਅਜਿਹੇ ਬਹਾਨੇ ਨਹੀਂ ਚੱਲਣਗੇ ।
ਸਭ ਤੋਂ ਪਹਿਲਾਂ ਗੁਰੂ ਘਰਾਂ ਅਤੇ ਲੰਗਰ ਹਾਲ ਵਿੱਚ ਕੁਰਸੀਆਂ ਰੱਖਣ ਦੀ ਸ਼ੁਰੂਆਤ ਵਿਦੇਸ਼ਾਂ ਵਿੱਚ ਵੱਸ ਰਹੇ ਸਿੱਖਾਂ ਵੱਲੋਂ ਕੀਤੀ ਗਈ ਸੀ । ਹਾਲਾਂਕਿ ਸ਼ੁਰੂਆਤ ਵਿੱਚ ਇਸ ਦਾ ਵਿਰੋਧ ਵੀ ਹੋਇਆ ਸੀ। ਪਰ ਹੋਲੀ-ਹੋਲੀ ਇਹ ਭਾਰਤ ਦੇ ਗੁਰੂ ਘਰਾਂ ਵਿੱਚ ਸ਼ੁਰੂ ਹੋ ਗਿਆ ।