Punjab

ਗੁਰਦਾਸਪੁਰ : ਪਿੰਡ ਦੇ ਹੀ ਖੇਤ ‘ਚੋਂ ਇਸ ਹਾਲਤ ਵਿੱਚ ਮਿਲੀ ਨੌਜਵਾਨ ਦੀ ਦੇਹ, ਕੁੜੀ ਦੇ ਭਰਾਵਾਂ ‘ਤੇ ਲੱਗੇ ਦੋਸ਼

Gurdaspur: The body of the youth was found in this condition in the field of the village the girl's brothers were accused

ਗੁਰਦਾਸਪੁਰ ਦੇ ਪਿੰਡ ਪਾਹੜਾ ਵਿੱਚ 25 ਸਾਲਾਂ ਨੌਜਵਾਨ ਦੀ ਲਾਸ਼ ਨੂੰ ਖੇਤ ਵਿੱਚੋਂ ਮਿਲੀ ਹੈ। ਮ੍ਰਿਤਕ ਦੀ ਪਛਾਣ ਸ਼ੁਭਮ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦਾ ਪਿੰਡ ਦੀ ਹੀ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ। ਕੁਝ ਮਹੀਨੇ ਪਹਿਲਾਂ ਲੜਕੀ ਦਾ ਵਿਆਹ ਹੋਣ ਕਾਰਨ ਦੋਨਾਂ ਧਿਰਾਂ ਨੂੰ ਥਾਣੇ ਵਿੱਚ ਬਿਠਾ ਇੱਕ ਦੂਜੇ ਨਾਲ ਨਾ ਮਿਲਣ ਦਾ ਰਾਜ਼ੀਨਾਮਾ ਕਰਵਾਇਆ ਗਿਆ ਸੀ, ਪਰ ਹੁਣ ਉਸਦੀ ਲਾਸ਼ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ ਹੈ।

ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਪਰਿਵਾਰ ’ਤੇ ਹੀ ਉਸਦੀ ਹੱਤਿਆ ਕਰਨ ਦੇ ਇਲਜ਼ਾਮ ਲਗਾਏ ਹਨ। ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀਆ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਪੜ੍ਹਤਾਲ ਸ਼ੁਰੂ ਕਰ ਦਿੱਤੀ।

‘8ਵੀਂ ਕਲਾਸ ਤੋਂ ਹੀ ਪਿੰਡ ਦੀ ਲੜਕੀ ਨਾਲ ਪ੍ਰੇਮ ਸੰਬੰਧ’

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ੁਭਮ ਦਾ 8ਵੀਂ ਕਲਾਸ ਤੋਂ ਹੀ ਪਿੰਡ ਦੀ ਲੜਕੀ ਨਾਲ ਪ੍ਰੇਮ ਸੰਬੰਧ ਸਨ ਅਤੇ ਕੁਝ ਮਹੀਨੇ ਪਹਿਲਾਂ ਹੀ ਲੜਕੀ ਦਾ ਵਿਆਹ ਹੋਇਆ ਸੀ ਅਤੇ ਲੜਕੀ ਪਰਿਵਾਰ ਦੇ ਵੱਲੋਂ ਉਹਨਾਂ ਦੇ ਲੜਕੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਜਿਸ ਕਰਕੇ ਦੋਨਾਂ ਧਿਰਾਂ ਦਾ ਥਾਣੇ ਵਿੱਚ ਬੈਠ ਕੇ ਰਾਜ਼ੀਨਾਮਾ ਹੋ ਚੁੱਕਾ ਸੀ ਅਤੇ ਲੜਕੀ ਦਾ ਭਰਾ ਕੱਲ੍ਹ ਉਹਨਾਂ ਦੇ ਘਰ ਆਇਆ ਅੱਤੇ ਧੋਖੇ ਨਾਲ ਉਨ੍ਹਾਂ ਦੇ ਪੁੱਤਰ ਨੂੰ ਆਪਣੇ ਨਾਲ ਲੈ ਗਿਆ ਅਤੇ ਸਾਰੀ ਰਾਤ ਉਹਨਾਂ ਦਾ ਪੁੱਤਰ ਘਰ ਨਹੀਂ ਆਇਆ। ਸਵੇਰੇ ਉਸਦੀ ਲਾਸ਼ ਪਿੰਡ ਦੇ ਖੇਤਾਂ ਵਿਚੋਂ ਮਿਲੀ। ਉਨ੍ਹਾਂ ਕਿਹਾ ਕਿ ਲੜਕੀ ਦੇ ਭਰਾਵਾਂ ਵੱਲੋਂ ਹੀ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ।

ਉਨ੍ਹਾਂ ਮੰਗ ਕੀਤੀ ਹੈ ਕਿ ਲੜਕੀ ਪਰਿਵਾਰ ਦੇ ਉਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਥਾਣਾ ਤਿੱਬੜ ਦੀ ਐੱਸਐੱਚਓ ਅਮਨਦੀਪ ਕੌਰ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਦੇ ਹੀ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲਗ ਸਕੇਗਾ।