ਹਿਮਾਚਲ ਪ੍ਰਦੇਸ਼ ਦੇ ਖਜਿਆਰ ਵਿੱਚ ਪੰਜਾਬ ਪੁਲਿਸ ਦੇ ਜਵਾਨ ਨਾਲ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਪਾਰਕਿੰਗ ਕਰਦਿਆਂ ਉਨ੍ਹਾਂ ਦੀ ਕਾਰ ਡੂੰਘੀ ਖਾਈ ਵਿੱਚ ਡਿੱਗ ਜਾਣ ਕਰਕੇ ਇਹ ਹਾਦਸਾ ਵਾਪਰਿਆ। ਉਹ ਗੁਰਦਾਸਪੁਰ ਵਿੱਚ ਤਾਇਨਾਤ ਸਨ।
ਜਵਾਨ ਦੀ ਪਛਾਣ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਰਮਨ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਆਈਟੀਆਈ ਕਲੋਨੀ, ਗੁਰਦਾਸਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਮਨ ਕੰਟਰੋਲ ਰੂਮ ਵਿੱਚ ਤਾਇਨਾਤ ਸਨ।
ਦੱਸਿਆ ਜਾ ਰਿਹਾ ਹੈ ਕਿ ਰਮਨ ਕੁਮਾਰ ਆਪਣੇ ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਖਜਿਆਰ ਗਏ ਹੋਏ ਸਨ। ਜਿਵੇਂ ਹੀ ਉਹ ਕਾਰ ਖਜਿਆਰ ਨੇੜੇ ਖੜ੍ਹੀ ਕਰਨ ਲੱਗੇ ਤਾਂ ਕਾਰ ਇੱਕਦਮ ਉਨ੍ਹਾਂ ਦੇ ਪਿੱਛੇ ਖਾਈ ਵਿੱਚ ਜਾ ਡਿੱਗੀ। ਘਟਨਾ ਐਤਵਾਰ ਸ਼ਾਮ 7 ਵਜੇ ਦੀ ਦੱਸੀ ਜਾ ਰਹੀ ਹੈ। ਇਸ ਹਾਦਸੇ ਵਿੱਚ ਰਮਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦਰਅਸਲ, ਖੱਜਿਆੜ ਰੋਡ ’ਤੇ ਟ੍ਰੈਫਿਕ ਜਾਮ ਨੂੰ ਦੇਖਦਿਆਂ ਰਮਨ ਨੇ ਪਰਿਵਾਰ ਨੂੰ ਪੈਦਲ ਚੱਲਣ ਲਈ ਕਿਹਾ ਤੇ ਖ਼ੁਦ ਵੀ ਪਿੱਛੇ ਕਾਰ ’ਚ ਬੈਠ ਕੇ ਆਉਣ ਲੱਗਾ ਸੀ। ਪਰ ਪਰਿਵਾਰ ਕੁਝ ਦੂਰ ਹੀ ਗਿਆ ਸੀ ਕਿ ਹਾਦਸਾ ਵਾਪਰ ਗਿਆ ਅਤੇ ਉਸ ਦੀ ਮੌਤ ਹੋ ਗਈ।
ਰਮਨ ਕੁਮਾਰ ਪੰਜਾਬ ਪੁਲਿਸ ਦੇ ਵੱਖ-ਵੱਖ ਥਾਣਿਆਂ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ। ਇਸ ਸਮੇਂ ਉਹ ਗੁਰਦਾਸਪੁਰ ਪੁਲਿਸ ਕੰਟਰੋਲ ਰੂਮ ਵਿੱਚ ਤਾਇਨਾਤ ਸਨ।