Punjab

ਕਰਜ਼ੇ ‘ਤੇ ਲਿਆ ਟਰੈਕਟਰ ਵੇਚਿਆ ਅੱਗੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਗੁਰਦਾਸਪੁਰ ਜ਼ਿਲ੍ਹੇ ਤੋਂ ਇੱਕ ਬੜਾ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਵੱਲੋਂ ਕਰਜ਼ੇ ਉੱਤੇ ਲਿਆ ਹੋਇਆ ਟਰੈਕਟਰ ਬਿਨਾਂ ਕਿਸ਼ਤਾਂ ਤਾਰੇ ਹੀ ਅੱਗੇ ਵੇਚ ਦਿੱਤਾ ਗਿਆ ਹੈ। ਪੁਲਿਸ ਵੱਲੋਂ ਜੋਬਨਜੀਤ ਸਿੰਘ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਗੁਰਦਾਸਪੁਰ ਦੇ ਥਾਣਾ ਕਲਾਨੌਰ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਦੇ ਉੱਚ ਅਧਿਕਾਰੀਆ ਨੂੰ ਅੱਠ ਮਾਰਚ ਨੂੰ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਗੁਰਦਾਸਪੁਰ ਦੀ ਉਪ ਕਪਤਾਨ ਪੁਲਿਸ ਸਪੈਸ਼ਲ ਬ੍ਰਾਂਚ ਦੀ ਜਾਂਚ ਤੋਂ ਬਾਅਦ ਰਜਿਸਟਰ ਕੀਤਾ ਗਿਆ ਹੈ।

ਜੋਬਨਜੀਤ ਸਿੰਘ ਖਿਲਾਫ਼ ਸ਼ਿਕਾਇਤ ਦਰਜ ਕਰਵਾਉਣ ਵਾਲੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਲੜਕੇ ਸੰਦੀਪ ਸਿੰਘ ਨੇ ਜੂਨ 2018 ਵਿੱਚ ਕਿਲਾ ਦੇਸਾ ਸਿੰਘ ਥਾਣਾ ਘਣੀਏ ਕੇ ਬਾਂਗਰ ਦੇ ਵਾਸੀ ਲਖਵਿੰਦਰ ਸਿੰਘ ਤੋਂ ਇੱਕ ਪੁਰਾਣਾ ਟਰੈਕਟਰ ਸੋਨਾਲੀਕਾ 4 ਲੱਖ 20 ਹਜ਼ਾਰ ਰੁਪਏ ਵਿੱਚ ਖਰੀਦਿਆ ਸੀ। ਮਿੱਥੀ ਗਈ ਰਾਸ਼ੀ ਵਿੱਚੋਂ 1 ਲੱਖ 10 ਹਜ਼ਾਰ ਰੁਪਏ ਨਗਦ ਦੋਸ਼ੀ ਨੂੰ ਦੇ ਦਿੱਤੇ ਗਏ ਸਨ। ਲਖਵਿੰਦਰ ਸਿੰਘ ਵੱਲੋਂ ਪੁਰਾਣੇ ਟਰੈਕਟਰ ਉੱਤੇ ਸ੍ਰੀ ਰਾਮ ਫਾਇਨਾਂਸ ਕੰਪਨੀ ਬ੍ਰਾਂਚ ਬਟਾਲਾ ਤੋਂ 2 ਲੱਖ 90 ਹਜ਼ਾਰ ਰੁਪਏ ਦਾ ਟਰੈਕਟਰ ਲੋਨ ਸੰਦੀਪ ਸਿੰਘ ਦੇ ਨਾਮ ਕਰਵਾ ਦਿੱਤਾ ਗਿਆ ਸੀ।

ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਕਰੋਨਾ ਦੇ ਸਮੇਂ ਦੌਰਾਨ ਰੇਤਾ ਬੱਜਰੀ ਦਾ ਕੰਮ ਬੰਦ ਹੋਣ ਕਰਕੇ ਸੰਦੀਪ ਸਿੰਘ ਨੇ ਇਹ ਟਰੈਕਟਰ ਦੋਸ਼ੀ ਨੂੰ ਵਾਪਿਸ ਕਰ ਦਿੱਤਾ ਅਤੇ ਹਲਫੀਆ ਬਿਆਨ ਮੁਤਾਬਕ ਟਰੈਕਟਰ ਦਾ ਲੋਨ 1 ਮਈ 2022 ਤੱਕ ਕਲੀਅਰ ਕਰਕੇ ਐਨਓਸੀ ਲੈ ਕੇ ਦੇਣਾ ਕੀਤਾ ਗਿਆ ਸੀ, ਪਰ ਦੋਸ਼ੀ ਨੇ ਸੰਦੀਪ ਸਿੰਘ ਨੂੰ ਬਿਨਾਂ ਦੱਸੇ ਬਿਨਾਂ ਲੋਨ ਜਮਾ ਕਰਵਾਏ ਅਤੇ ਬਿਨਾਂ ਐਨਓਸੀ ਲਏ ਟਰੈਕਟਰ ਹੋਰ ਕਿਸੇ ਹੋਰ ਨਾਮਾਲੂਮ ਪਾਰਟੀ ਨੂੰ ਵੇਚ ਦਿੱਤਾ।

ਡੀਐਸਪੀ ਸਪੈਸ਼ਲ ਬਰਾਂਚ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਧਾਨਕ ਕਲਾਨੌਰ ਵਿਖੇ ਜੋਬਨਜੀਤ ਸਿੰਘ ਦੇ ਖਿਲਾਫ ‌ 420 ਅਤੇ 406 ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।