Punjab

ਗੁਰਦਾਸ ਮਾਨ ਦੇ ਹੱਕ ‘ਚ ਆਇਆ ਵੱਡਾ ਫੈਸਲਾ, ਮਿਲੀ ਰਾਹਤ

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਪੰਜਾਬੀ ਗਾਇਕ ਗੁਰਦਾਸ ਮਾਨ (Gurdas Maan) ਨੂੰ ਵੱਡੀ ਰਾਹਤ ਦਿੱਤੀ ਹੈ। 2021 ਵਿੱਚ ਗੁਰਦਾਸ ਮਾਨ ਵੱਲੋਂ ਨਕੋਦਰ ਦੀ ਦਰਗਾਹ ਦੇ ਪ੍ਰਧਾਨ ਲਾਡੀ ਸਾਂਈ ਨੂੰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਵੰਸ਼ਜ ਵਜੋਂ ਬੁਲਾਉਣ ਦੇ ਮਾਮਲੇ ਵਿੱਚ ਸਿੱਖ ਭਾਈਚਾਰੇ ਵੱਲੋਂ ਐਫਆਈਆਰ ਦਰਜ ਕਰਵਾਈ ਗਈ ਸੀ।

27 ਮਈ ਨੂੰ ਕੇਸ ਦਾਇਰ ਕਰਨ ਵਾਲੇ ਵਿਅਕਤੀ ਨੇ ਨਕੋਦਰ ਅਦਾਲਤ ਵੱਲੋਂ ਦਿੱਤੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਜਿਸ ‘ਤੇ ਅਦਾਲਤ ਨੇ ਗੁਰਦਾਸ ਮਾਨ ਦੇ ਹੱਕ ‘ਚ ਫੈਸਲਾ ਸੁਣਾਇਆ ਹੈ। ਦੱਸ ਦੇਈਏ ਕਿ ਨਕੋਦਰ ਅਦਾਲਤ ਨੇ ਗੁਰਦਾਸ ਮਾਨ ਖਿਲਾਫ ਦਰਜ ਕੀਤਾ ਕੇਸ ਰੱਦ ਕਰਨ ਦੇ ਹੁਕਮ ਦਿੱਤੇ ਸਨ।

ਹਰਜਿੰਦਰ ਸਿੰਘ ਉਰਫ ਝੀਂਡਾ ਨਾਮਕ ਉਕਤ ਵਿਅਕਤੀ ਦੀ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਹਾਈਕੋਰਟ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਸੀ। ਹਾਈ ਕੋਰਟ ਨੇ ਨੋਟਿਸ ਜਾਰੀ ਕਰਕੇ ਸਾਰੀਆਂ ਧਿਰਾਂ ਤੋਂ 13 ਜੂਨ ਤੱਕ ਜਵਾਬ ਮੰਗਿਆ ਸੀ। ਪਟੀਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਗੁਰਦਾਸ ਮਾਨ ਨੇ ਲਾਡੀ ਸਾਈਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੀ ਸੰਤਾਨ ਦੱਸਿਆ ਸੀ, ਜਿਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਇਸ ਤੋਂ ਬਾਅਦ ਗੁਰਦਾਸ ਮਾਨ ਵੱਲੋਂ ਸਿੱਖ ਸੰਗਤਾਂ ਕੋਲੋ ਮੁਆਫੀ ਵੀ ਮੰਗੀ ਗਈ ਸੀ। ਗੁਰਦਾਸ ਮਾਨ ਨੇ ਕਿਹੀ ਕਿ ਸਿੱਖ ਸੰਗਤ ਉਸ ਨੂੰ ਮੁਆਫ ਕਰ ਦੇਵੇ ਉਹ ਗੁਰੂਆਂ ਦੇ ਨਿਰਾਦਰ ਬਾਰੇ ਸੋਚ ਵੀ ਨਹੀਂ ਸਕਦਾ। ਉਸ ਨੇ ਗੁਰੂਆਂ ਤੋਂ ਬਹੁਤ ਕੁਝ ਸਿੱਖਿਆ ਹੈ, ਗੁਰੂਆਂ ਦੇ ਅਪਮਾਨ ਕਰਨ ਦੀ ਉਹ ਸੋਚ ਵੀ ਨਹੀਂ ਸਕਦਾ ਹੈ।