ਬਿਊਰੋ ਰਿਪੋਰਟ: ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੋਂ ਖ਼ੌਫ਼ਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਪਿੰਡ ਵੈਰੋਕੇ ਵਿਖੇ ਅੱਜ ਸਵੇਰੇ ਅਣ-ਪਛਾਤੇ ਵਿਅਕਤੀਆਂ ਵਲੋਂ ਯੂਥ ਅਕਾਲੀ ਦਲ ਬਾਦਲ ਦੇ ਸਰਕਲ ਪ੍ਰਧਾਨ ਹਰਸਿਮਰਤ ਸਿੰਘ ਬਾਜਵਾ ਦੇ ਘਰ ਉੱਪਰ ਤਾਬੜਤੋੜ ਗੋਲ਼ੀਆਂ ਚਲਾਈਆਂ ਗਈਆਂ। ਹਮਲਾਵਰ ਉਨ੍ਹਾਂ ਦੇ ਗੇਟ ਉਪਰ ਗੋਲ਼ੀਆਂ ਮਾਰ ਕੇ ਫ਼ਰਾਰ ਹੋ ਗਏ ਪਰ ਜਾਨੀ ਨੁਕਸਾਨ ਹੋਣੋਂ ਬਚ ਗਿਆ।
ਇਸ ਸੰਬੰਧੀ ਪੱਤਰਕਾਰਾਂ ਨੂੰ ਵਧੇਰੇ ਜਾਣਕਾਰੀ ਦਿੰਦਿਆਂ ਹੋਇਆਂ ਹਰਸਿਮਰਤ ਸਿੰਘ ਬਾਜਵਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਫ਼ੋਨ ਆ ਰਹੇ ਸਨ, ਜਿਸ ਵਿਚ ਉਨ੍ਹਾਂ ਕੋਲੋ 50 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ, ਜਿਸ ਦੀ ਸੂਚਨਾ ਡੇਰਾ ਬਾਬਾ ਨਾਨਕ ਪੁਲਿਸ ਨੂੰ ਦੇ ਦਿੱਤੀ ਗਈ ਸੀ।
ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਹਮਲਾਵਰ ਨੇ ਤਕਰੀਬਨ 8 ਰਾਊਂਡ ਫਾਇਰ ਕੀਤੇ ਸਨ। ਇਸ ਫਾਇਰਿੰਗ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।