Punjab

ਅੰਮ੍ਰਿਤਸਰ ਬੱਸ ਅੱਡੇ ‘ਤੇ ਚੱਲੀਆਂ ਗੋਲੀਆਂ, ਮਾਮੂਲੀ ਗੱਲ ਨੂੰ ਲੈ ਕੇ ਹੋਇਆ ਝਗੜਾ

ਅੱਜ ਸਵੇਰੇ ਅੰਮ੍ਰਿਤਸਰ ਬੱਸ ਅੱਡੇ ‘ਤੇ ਹਫੜਾ-ਦਫੜੀ ਮਚ ਗਈ ਜਦੋਂ ਬੱਸਾਂ ਦੇ ਸਮੇਂ ਨੂੰ ਲੈ ਕੇ ਝਗੜਾ ਅਚਾਨਕ ਹਿੰਸਾ ਵਿੱਚ ਬਦਲ ਗਿਆ ਅਤੇ ਗੋਲੀਆਂ ਚੱਲਣ ਲੱਗੀਆਂ। ਨਿੱਜੀ ਬੱਸਾਂ ਦੇ ਕਰਮਚਾਰੀਆਂ ਵਿਚਕਾਰ ਬੱਸ ਦੇ ਸਮੇਂ ਤੇ ਯਾਤਰੀਆਂ ਨੂੰ ਪਹਿਲਾਂ ਚੁੱਕਣ ਦੇ ਮੁੱਦੇ ’ਤੇ ਛੋਟਾ ਝਗੜਾ ਅਚਾਨਕ ਹਿੰਸਕ ਹੋ ਗਿਆ। ਇੱਕ ਧਿਰ ਨੇ ਗੁੱਸੇ ’ਚ ਆ ਕੇ ਪਿਸਤੌਲ ਕੱਢੀ ਤੇ ਲਗਾਤਾਰ ਗੋਲੀਆਂ ਚਲਾ ਦਿੱਤੀਆਂ।

ਕਾਹਲੋਂ ਬੱਸ ਸਰਵਿਸ ਦੇ ਕਰਮਚਾਰੀ ਮੱਖਣ ਨੂੰ ਚਾਰ ਗੋਲੀਆਂ ਲੱਗੀਆਂ। ਉਹ ਮੌਕੇ ’ਤੇ ਹੀ ਡਿੱਗ ਪਿਆ ਤੇ ਉਸ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਗੋਲੀਆਂ ਦੀ ਆਵਾਜ਼ ਸੁਣ ਕੇ ਬੱਸ ਅੱਡੇ ’ਤੇ ਯਾਤਰੀਆਂ ਤੇ ਦੁਕਾਨਦਾਰਾਂ ਵਿੱਚ ਭਗਦੜ ਮਚ ਗਈ।

ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ, ਇਲਾਕਾ ਘੇਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ। ਏ.ਸੀ.ਪੀ. ਗਗਨਦੀਪ ਸਿੰਘ ਨੇ ਦੱਸਿਆ ਕਿ ਝਗੜਾ ਬੱਸਾਂ ਦੇ ਟਾਈਮਿੰਗ ਤੇ ਰੂਟ ਨੂੰ ਲੈ ਕੇ ਸੀ। ਮੌਕੇ ਤੋਂ 6 ਗੋਲੀਆਂ ਦੇ ਖੋਲ ਬਰਾਮਦ ਹੋਏ ਹਨ।

ਸ਼ੱਕੀ ਵਿਅਕਤੀ ਗੋਲੀਬਾਰੀ ਕਰਕੇ ਫਰਾਰ ਹੋ ਗਿਆ।ਪੁਲਿਸ ਨੇ ਨੇੜੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ।ਸਥਾਨਕ ਲੋਕਾਂ ਮੁਤਾਬਕ ਬੱਸ ਅੱਡੇ ’ਤੇ ਅਜਿਹੇ ਝਗੜੇ ਅਕਸਰ ਹੁੰਦੇ ਰਹਿੰਦੇ ਹਨ, ਪਰ ਗੋਲੀਬਾਰੀ ਤੱਕ ਗੱਲ ਪਹੁੰਚਣੀ ਪਹਿਲਾਂ ਕਦੇ ਨਹੀਂ ਵਾਪਰੀ। ਘਟਨਾ ਤੋਂ ਬਾਅਦ ਬੱਸ ਅੱਡੇ ’ਤੇ ਕੁਝ ਸਮੇਂ ਲਈ ਦਹਿਸ਼ਤ ਦਾ ਮਾਹੌਲ ਰਿਹਾ।