Punjab

ਪੰਜਾਬ ਦੇ ਸਕੂਲਾਂ ਬਾਹਰ ਤਾਇਨਾਤ ਹੋਣਗੇ ਗਾਰਡ , ਮੰਤਰੀ ਹਰਜੋਤ ਬੈਂਸ ਨੇ ਦਿੱਤੀ ਜਾਣਕਾਰੀ

Guards will be posted outside schools in Punjab, Minister Harjot Bains informed

‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਿੱਖਿਆ ਦੇ ਖੇਤਰ ’ਚ ਸੁਧਾਰ ਲਿਆਉਣ ਲਈ ਮੁੱਖ ਮੰਤਰੀ ਭਗਵੰਤ ਮਾਨ (Bhagwant Mann ) ਵੱਲੋਂ ਲਗਾਤਾਰ ਦਿੱਲੀ ਮਾਡਲ’ ਲਾਗੂ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਜਿਸ ਕਰਕੇ ਭਗਵੰਤ ਮਾਨ ਸਰਕਾਰ ਰਾਜ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਨਿੱਤ ਦਿਨ ਕਈ ਵੱਡੇ ਫੈਸਲੇ ਲੈ ਰਹੀ ਹੈ। ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗਾਰਡ ਅਤੇ ਕੈਂਪਸ ਪ੍ਰਬੰਧਕ ਤਾਇਨਾਤ ਕੀਤੇ ਜਾਣਗੇ। ਇਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਬੈਂਸ (Education Minister Harjot Bains)ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਸਕੂਲਾਂ ਦੇ ਬਾਹਰ ਤੁਸੀਂ ਜਲਦੀ ਹੀ ਗਾਰਡ ਖੜ੍ਹੇ ਦੇਖੋਗੇ। ਇਸ ਦੇ ਇਲਾਵਾ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੈਂਪਸ ਮੈਨੇਜਰ ਹੋਣਗੇ ਤੇ ਸਾਫ਼ ਸਫ਼ਾਈ ਲਈ ਸਕੂਲਾਂ ਨੂੰ 50,000/- ਪ੍ਰਤੀ ਮਹੀਨਾ ਗ੍ਰਾਂਟ ਦਿੱਤੀ ਜਾਵੇਗੀ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਸਕੂਲਾਂ ‘ਚ ਕੁੱਝ ਸੁਧਾਰ ਜ਼ਰੂਰੂ ਹੋਵੇਗਾ।

ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਦਿੱਲੀ ਦੇ ਸਿੱਖਿਆ ਮੰਤਰੀ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਪੰਜਾਬ ਨੇ ਜੋ ਸੁਪਨਾ ਦੇਖ ਕੇ ਭਗਵੰਤ ਮਾਨ ਦੀ ਸਰਕਾਰ ਚੁਣੀ ਸੀ , ਉਹ 6 ਮਹੀਨਿਆਂ ਵਿੱਚ ਹੀ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਅਰਵਿੰਦ ਕੇਜਰੀਵਾਲ ਜੀ ਦੇ ਦਰਸਾਏ ਮਾਰਗ ‘ਤੇ ਚੱਲ ਕੇ ਇੰਡੀਆ ਨੰਬਰ ਵਨ ਬਣੇਗਾ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਬਹੁਤ ਬਹੁਤ ਮੁਬਾਰਕਾਂ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਅਗਲੇ 2-3 ਮਹੀਨਿਆਂ ‘ਚ ਅਧਿਆਪਕਾਂ ਦੀ ਟ੍ਰੇਨਿੰਗ ਸ਼ੁਰੂ ਹੋਵੇਗੀ। ਦਿੱਲੀ ਸਰਕਾਰ ਵੀ ਅਧਿਆਪਕਾਂ ਦੀ ਵਿਦੇਸ਼ਾਂ ‘ਚ ਟ੍ਰੇਨਿੰਗ ਕਰਵਾਉਂਦੀ ਹੈ। ਉਸੇ ਤਰ੍ਹਾਂ ਪੰਜਾਬ ਦੇ ਅਧਿਆਪਕਾਂ ਨੂੰ ਟਰੇਨਿੰਗ ਲਈ ਵਿਦੇਸ਼ ਭੇਜਿਆ ਜਾਵੇਗਾ। ਟਰੇਨਿੰਗ ਦੌਰਾਨ ਜੋ ਵੀ ਪੈਸਾ ਖਰਚ ਹੋਵੇਗਾ , ਉਹ ਪੰਜਾਬ ਸਰਕਾਰ ਦਾ ਹੋਵੇਗਾ। ਮਾਨ ਨੇ ਅੱਗੇ ਕਿਹਾ ਸੀ ਕਿ ਸਾਨੂੰ ਪੰਜਾਬ ਨੂੰ ਡਿਜੀਟਲ ਸਿੱਖਿਆ ਦੇ ਪੱਧਰ ‘ਤੇ ਲਿਜਾਣ ਦੀ ਲੋੜ ਹੈ। ਸਕੂਲਾਂ ਦੀਆਂ ਇਮਾਰਤਾਂ ਨੂੰ ਬਣਾਉਣ ਜਾਂ ਪੇਂਟ ਕਰਨ ਨਾਲ ਸਿੱਖਿਆ ਦਾ ਮਿਆਰ ਉੱਚਾ ਨਹੀਂ ਹੋਵੇਗਾ। ਅਸੀਂ ਸਿੱਖਿਆ ਪ੍ਰਣਾਲੀ ਨੂੰ ਦਿੱਲੀ ਮਾਡਲ ਦੇ ਤਹਿਤ ਬਣਾਉਣਾ ਹੈ।