‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਖਾਣ-ਪੀਣ ਦੀਆਂ ਜਿਨ੍ਹਾਂ ਚੀਜ਼ਾਂ ਉੱਤੇ ਜੀਐੱਸਟੀ ਲਗਾਇਆ ਗਿਆ ਹੈ, ਉਸ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਜੇਕਰ ਇਨ੍ਹਾਂ ਚੀਜ਼ਾਂ ਨੂੰ ਖੁੱਲ੍ਹਾ ਖਰੀਦਿਆ ਜਾਵੇਗਾ ਤਾਂ ਟੈਕਸ ਨਹੀਂ ਦੇਣਾ ਪਵੇਗਾ।
ਨਿਰਮਲਾ ਸੀਤਾਰਮਨ ਨੇ ਟਵੀਟ ਕਰਕੇ ਲਿਖਿਆ ਕਿ ਜੀਐੱਸਟੀ ਕੌਂਸਲ ਨੇ ਇਸ ਲਿਸਟ ਵਿੱਚ ਸ਼ਾਮਿਲ ਸਾਰੀਆਂ ਚੀਜ਼ਾਂ ਨੂੰ ਬਿਨਾਂ ਪੈਕਿੰਗ ਵੇਚੇ ਜਾਣ ਉੱਤੇ ਜੀਐੱਸਟੀ ਦੇਣ ਤੋਂ ਛੋਟ ਦਿੱਤੀ ਹੈ। ਇਹ ਫੈਸਲਾ ਕਿਸੇ ਇੱਕ ਮੈਂਬਰ ਦਾ ਨਹੀਂ, ਸਗੋਂ ਪੂਰੀ ਜੀਐੱਸਟੀ ਕੌਂਸਲ ਨੇ ਲਿਆ ਹੈ। ਇਸ ਲਿਸਟ ਵਿੱਚ ਦਾਲਾਂ, ਆਟਾ, ਰਾਈ, ਓਟਸਜ਼, ਮੱਕੀ, ਚੌਲ, ਸੂਜੀ ਜਾਂ ਰਵਾ, ਵੇਸਣ, ਮੁਰਮੁਰਾ, ਦਹੀਂ, ਲੱਸੀ ਸ਼ਾਮਿਲ ਹੈ।
ਵਿਰੋਧੀ ਧਿਰਾਂ ਨੇ ਅੱਜ ਕੁੱਝ ਚੀਜ਼ਾਂ ਉੱਤੇ ਜੀਐੱਸਟੀ ਲਗਾਉਣ ਅਤੇ ਮਹਿੰਗਾਈ ਦੇ ਮੁੱਦੇ ਉੱਤੇ ਸਦਨ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਸੀ ਜਿਸ ਤੋਂ ਬਾਅਦ ਸਦਨ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦੋ ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਕਾਂਗਰਸ, ਟੀਐੱਮਸੀ, ਡੀਐੱਮਕੇ ਸਮੇਤ ਹੋਰ ਦਲਾਂ ਦੇ ਸੰਸਦ ਮੈਂਬਰਾਂ ਨੇ ਸਦਨ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ।
ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਵੀ ਇਨ੍ਹਾਂ ਚੀਜ਼ਾਂ ਉੱਤੇ ਟੈਕਸ ਲਗਾਉਣ ਉੱਤੇ ਕੇਂਦਰ ਸਰਕਾਰ ਦਾ ਵਿਰੋਧ ਕਰਦਿਆਂ ਕਈ ਟਵੀਟ ਕੀਤੇ।