‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ (BJP) ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ “ਪੰਜਾਬੀ ਮੇਰਾ ਵਿਰੋਧ ਇਸ ਲਈ ਕਰਦੇ ਹਨ ਕਿਉਂਕਿ ਮੈਂ ਆਪਣੀ ਪਾਰਟੀ ਦੀ ਗੱਲ ਕਰਦਾ ਹਾਂ, ਉਨ੍ਹਾਂ ਨੂੰ ਵਧੀਆ ਨਹੀਂ ਲੱਗਦਾ ਹੋਣਾ। ਕਿਸੇ ਨੂੰ ਕੀ ਚੰਗਾ ਲੱਗਦਾ ਤੇ ਕੀ ਬੁਰਾ ਲੱਗਦਾ, ਉਹ ਵੱਖਰੀ ਗੱਲ ਹੈ ਪਰ ਮੈਂ ਆਪਣੀ ਪਾਰਟੀ, ਆਪਣੀ ਵਿਚਾਰਧਾਰਾ ਦੇ ਨਾਲ ਖੜ੍ਹਾ ਹਾਂ। ਉਹ ਮੇਰੀ ਜਾਨ ਨੂੰ ਲੈਣ ਨੂੰ ਫਿਰਦੇ ਹਨ ਅਤੇ ਮੈਂ ਜਾਨ ਦੇਣ ਨੂੰ ਫਿਰਦਾ ਹਾਂ। ਮੈਂ ਕਿਸਾਨੀ ਮੁੱਦੇ ‘ਤੇ ਬੋਲਣ ਦਾ ਕੰਮ ਦਿੱਤਾ ਗਿਆ ਸੀ ਅਤੇ ਮੈਂ ਆਪਣਾ ਕੰਮ ਠੀਕ-ਠਾਕ ਕੀਤਾ, ਮੈਂ ਆਪਣੀ ਪਾਰਟੀ ਲਈ ਡੱਟ ਕੇ ਖੜ੍ਹਾ ਹਾਂ। ਮੈਨੂੰ ਪੰਜਾਬੀਆਂ ਦੇ ਵਿਰੋਧ ਦਾ ਕੋਈ ਫ਼ਰਕ ਨਹੀਂ ਪੈਂਦਾ। ਬੀਜੇਪੀ ਨੂੰ ਕਮਜ਼ੋਰ ਦਿਖਾਉਣ ਲਈ ਕੁੱਝ ਤਾਕਤਾਂ ਕੰਮ ਕਰ ਰਹੀਆਂ ਹਨ। ਗਰੇਵਾਲ ਨੇ ਪਾਰਟੀ ਤੋਂ ਗਏ ਮੈਂਬਰਾਂ ਬਾਰੇ ਬੋਲਦਿਆਂ ਕਿਹਾ ਕਿ ਬੀਜੇਪੀ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਬੀਜੇਪੀ ਕੋਲ 23 ਲੱਖ ਮੈਂਬਰ ਸਿਰਫ਼ ਪੰਜਾਬ ਵਿੱਚ ਅੱਜ ਵੀ ਮੌਜੂਦ ਹਨ, ਜੇ ਉਨ੍ਹਾਂ ਵਿੱਚੋਂ ਦੋ-ਤਿੰਨ ਮੈਂਬਰ ਚਲੇ ਜਾਂਦੇ ਹਨ ਤਾਂ ਕੋਈ ਫਰਕ ਨਹੀਂ ਪੈਂਦਾ। ਬੀਜੇਪੀ ਵਿੱਚ ਹੋਰ ਵੀ ਕਈ ਚਿਹਰੇ ਆਉਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿੱਚ ਕੰਗਾਲੀ ਛਾਈ ਹੋਈ ਹੈ, ਉਹ ਆਪਣੀਆਂ 23 ਸੀਟਾਂ ‘ਤੇ ਬੀਜੇਪੀ ਦਾ ਆਧਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਪਰਿਵਾਰਕ ਰਾਜ ਸਥਾਪਤ ਕਰਨਾ ਚਾਹੁੰਦੇ ਹਨ। ਸਾਡੀ ਪਾਰਟੀ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰਕੇ ਜਿੱਤ ਪ੍ਰਾਪਤ ਕਰੇਗੀ। ਬੀਜੇਪੀ ਸਾਧਾਰਨ ਪਾਰਟੀ ਹੈ, ਸਭ ਦਾ ਭਲਾ ਸੋਚਦੀ ਹੈ। ਗਰੇਵਾਲ ਨੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਸਿੱਧੂ ਪੰਜਾਬ ਦੇ ਲੋਕਾਂ ਦੀ ਕੋਈ ਗੱਲ ਨਹੀਂ ਕਰਦਾ। ਸਿੱਧੂ ਦੇ ਸਲਾਹਕਾਰ ਉਲਟੀ-ਸਿੱਧੀ ਬਿਆਨਬਾਜ਼ੀ ਕਰ ਰਹੇ ਹਨ। ਗਰੇਵਾਲ ਇਸ ਵਾਰ ਰਾਜਪੁਰਾ ਵਿਧਾਨ ਸਭਾ ਤੋਂ ਚੋਣ ਲੜਨਗੇ ਅਤੇ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਪਾਰਟੀ ਨਾਲ ਹੋਵੇਗਾ। “