ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਬੀਬੀ ਜਗੀਰ ਕੌਰ ਦੇ ਮਾਮਲੇ ’ਚ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਵੱਲੋ ਸ੍ਰੀ ਅਕਾਲ ਤਖ਼ਤ ਸਾਹਿਬ ਖ਼ਿਲਾਫ਼ ਕੀਤੀ ਗਈ ਟਿੱਪਣੀ ’ਤੇ ਸ੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਵੀਡੀਓ ਜਾਰੀ ਕਰਕੇ ਇੱਕ ਮਸ਼ਵਰਾ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਕਿਹਾ ਹੈ ਕਿ ਜੇ ਵਡਾਲਾ ਦੇ ਮਨ ਵਿੱਚ ਕੋਈ ਸ਼ੰਕਾ ਹੈ ਤਾਂ ਉਹ ਜਥੇਦਾਰ ਸਾਹਿਬ ਨੂੰ ਮਿਲ ਕੇ ਇਸ ਸਬੰਧੀ ਵਿਚਾਰ-ਚਰਚਾ ਕਰ ਸਕਦੇ ਹਨ, ਪਰ ਇਸ ਤਰ੍ਹਾਂ ਜਨਤਕ ਤੌਰ ’ਤੇ ਜਥੇਦਾਰ ਸਾਹਿਬ, ਉਨ੍ਹਾਂ ਦੀ ਕਾਰਵਾਈ ਤੇ ਉਨ੍ਹਾਂ ਫੈਸਲਿਆਂ ਦਾ ਵਿਰੋਧ ਕਰਨਾ ਵਡਾਲਾ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਨੇ ਵਡਾਲਾ ਤੇ ਸਮੁੱਚੀ ਅਕਾਲੀ ਦਲ ਸੁਧਾਰ ਲਹਿਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ ਦਾ ਅਪੀਲ ਕੀਤੀ ਹੈ।
ਸ੍ਰੀ ਗਰੇਵਾਲ ਨੇ ਕਿਹਾ ਕਿ ਵਡਾਲਾ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਹਨ, ਉਨ੍ਹਾਂ ਕੋਲੋਂ ਏਦਾਂ ਦੀ ਉਮੀਦ ਨਹੀਂ ਸੀ। ਵਡਾਲਾ ਸਾਹਿਬ ਇਸ ਸਾਰੇ ਵਾਕਿਆ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾਲ ਜੋੜ ਰਹੇ ਹਨ ਜਦਕਿ SGPC ਦੀਆਂ ਦੀ ਪ੍ਰਧਾਨਗੀ ਦੀਆਂ ਚੋਣਾਂ ਵਿੱਚ ਹਾਲੇ 2 ਮਹੀਨੇ ਦਾ ਸਮਾਂ ਬਾਕੀ ਹੈ।
ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ, ਜਿਨ੍ਹਾਂ ਨੂੰ ਸ਼ਿਕਾਇਤਾਂ ਤੋਂ ਬਾਅਦ ਨੋਟਿਸ ਜਾਰੀ ਕਰਕੇ ਤਲਬ ਕੀਤਾ ਗਿਆ ਹੈ, ਉਨ੍ਹਾਂ ਵੱਲੋਂ ਬੜੇ ਸਤਿਕਾਰ ਨਾਲ ਕਿਹਾ ਗਿਆ ਹੈ ਕਿ ਵਿਰੋਧੀ ਜੋ ਮਰਜ਼ੀ ਕਹਿਣ, ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਆਪਣਾ ਪੱਖ ਪੇਸ਼ ਕਰਕੇ ਸਪਸ਼ਟੀਕਰਨ ਦੇਵਾਂਗੀ। ਪਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਮੁਖੀ ਗੁਰਪ੍ਰਤਾਪ ਸਿੰਘ ਵਡਾਲਾ ਇੱਕ ਤਾਂ ਬੀਬੀ ਜਗੀਰ ਕੌਰ ਖ਼ਿਲਾਫ਼ ਸ਼ਿਕਾਇਤ ਕਰਨ ਦਾ ਵੀ ਵਿਰੋਧ ਕਰ ਰਹੇ ਹਨ ਤੇ ਦੂਜਾ ਇਸ ਸ਼ਿਕਾਇਤ ਦੇ ਆਧਾਰ ’ਤੇ ਬੀਬੀ ਜਗੀਰ ਕੌਰ ਨੂੰ ਜਥੇਦਾਰ ਸਾਹਿਬ ਵੱਲੋਂ ਤਲਬ ਕਰਨ ਦੀ ਵੀ ਨਿੰਦਾ ਕਰ ਰਹੇ ਹਨ।
ਉਨ੍ਹਾਂ ਵਡਾਲਾ ਨੂੰ ਯਾਦ ਕਰਵਾਇਆ ਕਿ ਜਦੋਂ ਉਨ੍ਹਾਂ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬਾਗ਼ੀ ਧੜਾ ਆਪਣੇ ਪ੍ਰਧਾਨ ਦੇ ਖ਼ਿਲਾਫ਼ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ ਸੀ ਤਾਂ ਜਥੇਦਾਰ ਸਾਹਿਬ ਵੱਲੋਂ ਉਨ੍ਹਾਂ ਦੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕੀਤੀ ਗਈ, ਸਪਸ਼ਟੀਕਰਨ ਵੀ ਮੰਗਿਆ ਗਿਆ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਵੀ ਕਰਾਰ ਦਿੱਤਾ ਗਿਆ। ਉਸ ਵੇਲੇ ਜਥੇਦਾਰ ਸਾਹਿਬ ਦੇ ਬੜੀ ਪ੍ਰਸ਼ੰਸਾ ਕੀਤੀ ਗਈ ਸੀ।
ਉਸ ਸਮੇਂ ਜਦ ਉਨ੍ਹਾਂ ਦੀ ਕੀਤੀ ਸ਼ਿਕਾਇਤ ’ਤੇ ਜਥੇਦਾਰ ਸ੍ਰੀ ਅਕਾਲ ਤਕਤ ਸਾਹਿਬ ਵੱਲੋਂ ਅਮਲ ਕਰਕੇ ਕਾਰਵਾਈ ਕੀਤੀ ਗਈ ਹੈ ਤਾਂ ਫਿਰ ਹੁਣ ਕਿਸੇ ਹੋਰ ਸ਼ਖ਼ਸ ਦੀ ਕੀਤੀ ਸ਼ਿਕਾਇਤ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ’ਤੇ ਸਵਾਲ ਚੁੱਕਣ ਦੀ ਉਨ੍ਹਾਂ ਤੋਂ ਆਸ ਨਹੀਂ ਸੀ। ਜਦ ਬੀਬੀ ਜਗੀਰ ਕੌਰ ਖ਼ੁਦ ਸਪਸ਼ਟੀਕਰਨ ਦੇਣ ਲਈ ਤਿਆਰ ਹਨ ਤਾਂ ਫਿਰ ਵਡਾਲਾ ਇਸ ਗੱਲ ਦਾ ਸਿੱਧਾ ਵਿਰੋਧ ਕਿਉਂ ਕਰ ਰਹੇ ਹਨ?
ਸਬੰਧਿਤ ਖ਼ਬਰਾਂ – ਬੀਬੀ ਜਗੀਰ ਕੌਰ ਖਿਲਾਫ ਰਚੀ ਗਈ ਸਾਜ਼ਿਸ਼! ਨਹੀਂ ਕਿਹਾ ਜਾ ਸਕਦਾ ਕਾਤਲ!
ਗੁਰਪ੍ਰਤਾਪ ਸਿੰਘ ਵਡਾਲਾ ਤੋਂ ਬਾਅਦ ਬੀਬੀ ਜਗੀਰ ਕੌਰ ਦੇ ਹੱਕ ਨਿਤਰੀ SGPC ਮੈਂਬਰ