Punjab

ਭਾਜਪਾ ਆਗੂ ਦੇ ਘਰ ਗ੍ਰਨੇਡ ਹਮਲਾ, ਕਾਂਗਰਸੀ ਆਗੂਆਂ ਨੇ ਚੁੱਕੇ ਸਵਾਲ

ਜਲੰਧਰ ਵਿਚ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਘਰ ‘ਤੇ ਹਮਲਾ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਇਸ ਮਾਮਲੇ ਨੂੰ ਲੈ ਕੇ ਕਾਂਗਰਸ, ਅਕਾਲੀ ਦਲ ਸਮੇਤ ਭਾਜਪਾ ਪੰਜਾਬ ਸਰਕਾਰ ਨੂੰ ਘੇਰ ਰਹੀਆਂ ਹਨ।

ਲੋਕ ਸਭਾ ਮੈਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ਹੋਏ ਗ੍ਰਨੇਡ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਲਾਪਰਵਾਹੀਆਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਹਾਸ਼ੀਏ ’ਤੇ ਲਿਆ ਕੇ ਰੱਖ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭੁੱਲ ਗਿਆ ਕਿ ਸਿਰਫ ਖ਼ੁਦ ਦੀ ਜਾਂ ਦਿੱਲੀ ਵਾਲਿਆਂ ਦੀ ਹੀ ਨਹੀਂ ਬਲਕਿ ਪੰਜਾਬ ਦੇ ਹਰ ਖਾਸ ਅਤੇ ਆਮ ਨਾਗਰਿਕ ਦੀ ਵੀ ਸੁਰੱਖਿਆ ਦੀ ਜ਼ਿੰਮੇਵਾਰੀ ਤੁਹਾਡੀ ਹੀ ਬਣਦੀ ਹੈ, ਪਰ ਅਫਸੋਸ ਹੈ ਕਿ ਤੁਸੀ ਗ੍ਰਹਿ ਮੰਤਰੀ ਵਜੋਂ ਪਹਿਲੇ ਦਿਨ ਤੋਂ ਹੀ ਸੁਰੱਖਿਆ ਮਾਮਲੇ ’ਚ ਫੇਲ੍ਹ ਸਾਬਿਤ ਹੁੰਦੇ ਆਏ ਹੋ।

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਕਿ ਇਹ ਦਿਨੋਂ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਅਜਿਹੇ ਧਮਾਕਿਆਂ ਦੀ ਫਰੈਕੁਇੰਸੀ ਅਤੇ ਰੈਗੂਲੈਰਿਟੀ ਵਧ ਗਈ ਹੈ। ਹੈਰਾਨੀ ਹੈ ਕਿ ਕੀ ਇਹ ਧਮਾਕੇ ਪੰਜਾਬ ਸਰਕਾਰ ਦੇ ਬੋਲ਼ੇ ਕੰਨਾਂ ਵਿੱਚ ਕੋਈ ਆਵਾਜ਼ ਨਹੀਂ ਪੈਦਾ ਕਰ ਰਹੇ ਹਨ। ਭਗਵੰਤ ਮਾਨ ਜਾਗੋ, ਕਿਤੇ ਬਹੁਤ ਦੇਰ ਨਾ ਹੋ ਜਾਵੇ। ਪੰਜਾਬ ਇੱਕ ਹੋਰ ਕਾਲੇ ਦੌਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ।

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਭਾਜਵਾ ਨੇ ਕਿਹਾ ਕਿ ਸ੍ਰੀ ਮਨੋਰੰਜਨ ਕਾਲੀਆ ਦੇ ਘਰ ’ਤੇ ਗ੍ਰਨੇਡ ਹਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਵਧਦੀ ਹਿੰਸਾ ਦੀ ਇਕ ਸਪੱਸ਼ਟ ਯਾਦ ਦਿਵਾਉਂਦਾ ਹੈ। ਜਦੋਂ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ, ਮਈ 2022 ਵਿਚ ਮੋਹਾਲੀ ਆਰ.ਪੀ.ਜੀ. ਹਮਲਾ ਅਤੇ 2024 ਦੇ ਅਖੀਰ ਵਿਚ ਪੁਲਿਸ ਸਟੇਸ਼ਨਾਂ ’ਤੇ ਗ੍ਰਨੇਡ ਹਮਲਿਆਂ ਦੀ ਲੜੀ ਸਮੇਤ ਕਈ ਧਮਾਕੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਪੈਟਰਨ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਇਕ ਮਹੱਤਵਪੂਰਨ ਕਮੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਨਹੀਂ ਬਣਾ ਸਕਦੇ, ਤਾਂ ਉਨ੍ਹਾਂ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ।