‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕੈਨੇਡਾ ਵਿੱਚ ਲੱਖਾਂ ਕਿਰਤੀਆਂ ਦੀ ਘਾਟ ਵਿਚਾਲੇ ਕੰਪਨੀਆਂ ਗ਼ੈਰ-ਟੀਕਾਕਰਨ ਵਾਲੇ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਮਜਬੂਰ ਹੋ ਗਈਆਂ ਨੇ, ਭਾਵੇਂ ਫੈਡਰਲ ਸਰਕਾਰ ਨੇ ਸਾਰੇ ਕਾਮਿਆਂ ਲਈ ਟੀਕਾਕਰਨ ਲਾਜ਼ਮੀ ਕੀਤਾ ਹੋਇਆ ਹੈ, ਪਰ ਜਿਹੜੇ ਲੋਕ ਟੀਕਾਕਰਨ ਨਹੀਂ ਕਰਾਉਣਾ ਚਾਹੁੰਦੇ, ਉਨ੍ਹਾਂ ਲਈ ਰੋਜ਼ਾਨਾ ਟੈਸਟਿੰਗ ਜ਼ਰੂਰੀ ਕੀਤੀ ਗਈ ਹੈ।
ਬਹੁਤ ਸਾਰੇ ਕਾਮੇ ਵੈਕਸੀਨੇਸ਼ਨ ਨਹੀਂ ਕਰਾਉਣਾ ਚਾਹੁੰਦੇ, ਇਸ ਲਈ ਓਮੀਕਰੌਨ ਵੈਰੀਐਂਟ ਦੇ ਖ਼ਤਰੇ ਵਿਚਾਲੇ ਕੰਪਨੀਆਂ ਉਨ੍ਹਾਂ ਦੀ ਰੋਜ਼ਾਨਾ ਟੈਸਟਿੰਗ ’ਤੇ ਖਰਚਾ ਕਰਨ ਲਈ ਮਜਬੂਰ ਹਨ।
ਕੰਪਨੀਆਂ ਦਾ ਕਹਿਣਾ ਹੈ ਕਿ ਉਹ ਕਿਰਤੀਆਂ ਦੀ ਘਾਟ ਵਿਚਾਲੇ ਟੀਕਾਕਰਨ ਲਾਜ਼ਮੀ ਕਰਨ ਦਾ ਖ਼ਤਰਾ ਮੁੱਲ ਨਹੀਂ ਲੈ ਸਕਦੀਆਂ। ਕਿਹੜੇ ਔਖੇ ਦੌਰ ’ਚ ਲੰਘ ਰਹੀਆਂ ਨੇ ਕੈਨੇਡਾ ਦੀਆਂ ਕੰਪਨੀਆਂ ਆਓ ਜਾਣਦੇ ਆਂ..
ਦਰਅਸਲ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੇ ਮੁਲਾਜ਼ਮਾਂ ਦੇ ਟੀਕਾਕਰਨ ਲਈ ਵਿਸ਼ਵ ’ਚੋਂ ਸਭ ਤੋਂ ਸਖਤ ਨੀਤੀਆਂ ਅਪਣਾਈਆਂ ਹੋਈਆਂ ਹਨ।
ਇਸ ਦੇ ਚਲਦਿਆਂ ਹੁਣ ਤੱਕ ਕੋਰੋਨਾ ਵੈਕਸੀਨ ਦਾ ਟੀਕਾ ਨਾ ਲਗਵਾਉਣ ਵਾਲੇ ਇੱਕ ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਬਗ਼ੈਰ-ਤਨਖਾਹ ਜਬਰੀ ਛੁੱਟੀ ’ਤੇ ਭੇਜਿਆ ਜਾ ਚੁੱਕਾ ਹੈ, ਜਦਕਿ ਹਜ਼ਾਰਾਂ ਹੋਰ ਮੁਲਾਜ਼ਮਾਂ ’ਤੇ ਇਹ ਤਲਵਾਰ ਲਟਕ ਰਹੀ ਹੈ।